ਐੱਸ.ਏ.ਐੱਸ ਨਗਰ, 27 ਮਈ 2026- ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਡਰੱਗ ਜਨ ਗਣਨਾ ਕਰਵਾਉਣ ਦੇ ਬਹਾਨੇ ਘਰ ਘਰ ਵਿੱਚ ਅਧਿਆਪਕਾਂ ਨੂੰ ਭੇਜ ਕੇ ਆਪਣੀ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਵਾ ਰਹੀ ਹੈ। ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਪੰਜਾਬ ਸਰਕਾਰ ਵੱਲੋਂ ਕਰਵਾਈ ਜਾ ਰਹੀ ਡਰੱਗ ਜਨ ਗਣਨਾ ਅਸਲ ਵਿੱਚ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਬੇਤੁਕੀਆਂ ਸਕੀਮਾਂ ਦਾ ਘਰਾਂ ਵਿੱਚ ਪ੍ਰਚਾਰ ਕਰਨਾ ਹੈ।
ਆਗੂਆਂ ਨੇ ਕਿਹਾ ਕਿ ਇਸ ਡਰੱਗ ਜਨ ਗਣਨਾ ਵਿੱਚ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਿਆ ਜਾ ਰਿਹਾ। ਆਗੂਆਂ ਨੇ ਕਿਹਾ ਕਿ ਇਸ ਡਰੱਗ ਜਨ ਗਣਨਾ ਕਰਨ ਬਦਲੇ ਇੱਕ ਮੁਲਾਜ਼ਮ ਨੂੰ 62500 ਦੇਣ ਦਾ ਵਾਅਦਾ ਕੀਤਾ ਹੈ, ਪਰ ਸਰਕਾਰ ਦਾ ਮੁਲਾਜ਼ਮਾਂ ਪ੍ਰਤੀ ਪਿਛਲੇ ਚਾਰ ਸਾਲ ਦਾ ਵਤੀਰਾ ਦੇਖ ਕੇ ਲੱਗਦਾ ਨਹੀਂ ਕਿ ਸਰਕਾਰ ਮੁਲਾਜ਼ਮਾਂ ਨੂੰ ਇਹ ਪੈਸਾ ਦੇ ਸਕੇਗੀ ਕਿਉ ਹਾਈ ਕੋਰਟ ਵਿੱਚ ਡੀ ਏ ਦੇਣ ਦੇ ਕੇਸ ਵਿੱਚ ਲੇਲੜੀਆਂ ਕੱਢ ਰਹੀਂ ਹੈ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ,ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿਤ ਸਕੱਤਰ ਜਸਵਿੰਦਰ ਬਠਿੰਡਾ, ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਡਰੱਗ ਜਨ ਗਣਨਾ ਕਰ ਰਹੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਵਿੱਚ ਜਾ ਕੇ ਲੋਕਾਂ ਨੂੰ ਸਰਕਾਰ ਦੀ ਅਸਲੀਅਤ ਦੱਸਣ ਕਿ ਕਿਵੇਂ ਸਰਕਾਰ ਪੁਰਾਣੀ ਪੈਨਸ਼ਨ ਦੇ ਬਹਾਲ ਕਰਨ, ਡੀ ਏ ਦੇਣ, ਪੁਰਾਣੇ ਪੰਜਾਬ ਪੇ ਸਕੇਲ ਲਾਗੂ ਕਰਨ, ਕੱਚੇ ਅਧਿਆਪਕ, ਕੰਪਿਊਟਰ ਅਧਿਆਪਕ, ਐੱਨ ਐੱਸ, ਕਿਉ ਐਫ਼ ਅਧਿਆਪਕ ਅਤੇ ਮੈਰੀਟੋਰੀਅਸ ਅਧਿਆਪਕਾਂ ਨੂੰ ਪੱਕੇ ਕਰਨ ਦੇ ਕੀਤੇ ਵਾਅਦੇ ਤੋਂ ਭੱਜ ਚੁੱਕੀ ਹੈ।
ਆਗੂਆਂ ਨੇ ਕਿਹਾ ਕਿ ਸਰਕਾਰ ਡਰੱਗ ਜਨਗਣਨਾ ਉਦੋ ਕਰਵਾ ਰਹੀਂ ਹੈ ਜਦੋਂ ਅਧਿਆਪਕ ਮਰਦਮਸ਼ੁਮਾਰੀ, ਚੋਣ ਡਿਊਟੀਆਂ ਅਤੇ ਐੱਸ ਆਈ ਆਰ ਵਿੱਚ ਉਲਝੇ ਹੋਏ ਹਨ ਅਤੇ ਬਾਕੀ ਰਹਿੰਦੇ ਅਧਿਆਪਕਾਂ ਨੂੰ ਡਰੱਗ ਜਨਗਣਨਾ ਵਿੱਚ ਉਲਝਾ ਦਿੱਤਾ ਹੈ, ਜਿਸ ਨਾਲ ਸਕੂਲਾਂ ਦੀ ਪੜਾਈ ਬਿਲਕੁਲ ਅਸਥ ਵਿਅਸਥ ਹੋ ਗਈ ਹੈ।



