Punjab ਦੀਆਂ ਧੀਆਂ ਨੇ ਦੇਸ਼ ਭਰ ਵਿੱਚ ਵਜਾਇਆ ਡੰਕਾ

ਪੰਜਾਬ
  • Punjab ਦੀਆਂ ਧੀਆਂ ਨੇ ਦੇਸ਼ ਭਰ ਵਿੱਚ ਵਜਾਇਆ ਡੰਕਾ
  • ਮੋਰਿੰਡਾ ਦੀ ਮਹਿਕਪ੍ਰੀਤ ਏਅਰ ਫੋਰਸ ਅਕੈਡਮੀ ਦੀ ਮੈਰਿਟ ਸੂਚੀ ਵਿੱਚ ਦੇਸ਼ ਭਰ ਵਿੱਚ ਪਹਿਲੇ ਸਥਾਨ ‘ਤੇ, ਅੰਮ੍ਰਿਤਸਰ ਦੀ ਕੋਮਲਪ੍ਰੀਤ ਨੇ NDA ਵਿੱਚ ਹਾਸਲ ਕੀਤਾ 18ਵਾਂ ਰੈਂਕ

ਮੋਰਿੰਡਾ 7 ਜੂਨ (ਭਟੋਆ): ਪੰਜਾਬ ਦੇ ਛੋਟੇ ਸ਼ਹਿਰਾਂ ਅਤੇ ਪਿੰਡਾਂ ਦੀਆਂ ਧੀਆਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਜੇਕਰ ਹੌਸਲੇ ਬੁਲੰਦ ਹੋਣ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਰਹਿੰਦੀ। ਮੋਰਿੰਡਾ ਬਲਾਕ ਦੇ ਪਿੰਡ ਪਪਰਾਲੀ ਦੀ ਕੈਡੇਟ ਮਹਿਕਪ੍ਰੀਤ ਕੌਰ ਨੇ ਏਅਰ ਫੋਰਸ ਅਕੈਡਮੀ (AFA) ਦੀ ਮੈਰਿਟ ਸੂਚੀ ਵਿੱਚ ਆਲ ਇੰਡੀਆ ਰੈਂਕ (AIR)-1 ਹਾਸਲ ਕਰਕੇ ਦੇਸ਼ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸ਼ਾਹੂਰਾ ਦੀ ਕੈਡੇਟ ਕੋਮਲਪ੍ਰੀਤ ਕੌਰ ਨੇ ਦੇਸ਼ ਦੀ ਪ੍ਰਤਿਸ਼ਠਿਤ ਨੈਸ਼ਨਲ ਡਿਫੈਂਸ ਅਕੈਡਮੀ (NDA), ਖੜਕਵਾਸਲਾ ਵਿੱਚ ਦਾਖਲੇ ਲਈ AIR-18 ਪ੍ਰਾਪਤ ਕਰਕੇ ਪੰਜਾਬ ਦਾ ਮਾਣ ਵਧਾਇਆ ਹੈ।

ਇਹ ਮਾਣਮੱਤੀ ਉਪਲਬਧੀ ਮੋਹਾਲੀ ਸਥਿਤ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰਿਪੇਰੇਟਰੀ ਇੰਸਟੀਚਿਊਟ (AFPI) ਫਾਰ ਗਰਲਜ਼ ਦੀਆਂ ਦੋ ਵਿਦਿਆਰਥਣਾਂ ਨੇ ਹਾਸਲ ਕੀਤੀ ਹੈ। ਉਨ੍ਹਾਂ ਦੀ ਇਸ ਸਫਲਤਾ ਨਾਲ ਰੂਪਨਗਰ, ਅੰਮ੍ਰਿਤਸਰ ਅਤੇ ਸਮੂਹ ਪੰਜਾਬ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਸਾਦੇ ਪਰਿਵਾਰਾਂ ਦੀਆਂ ਧੀਆਂ ਨੇ ਰਚਿਆ ਇਤਿਹਾਸ

ਮਹਿਕਪ੍ਰੀਤ ਕੌਰ, ਕਿਸਾਨ ਅਮਰਜੀਤ ਸਿੰਘ ਅਤੇ ਰੁਪਿੰਦਰ ਕੌਰ ਦੀ ਧੀ ਹੈ ਅਤੇ ਪਿੰਡ ਪਪਰਾਲੀ (ਜ਼ਿਲ੍ਹਾ ਰੂਪਨਗਰ) ਨਾਲ ਸੰਬੰਧਤ ਹੈ। ਦੂਜੇ ਪਾਸੇ ਕੋਮਲਪ੍ਰੀਤ ਕੌਰ ਭਾਰਤੀ ਫੌਜ ਵਿੱਚ ਹਵਲਦਾਰ ਗੁਰਮੀਤ ਸਿੰਘ ਅਤੇ ਬਲਜੀਤ ਕੌਰ ਦੀ ਧੀ ਹੈ ਅਤੇ ਪਿੰਡ ਸ਼ਾਹੂਰਾ (ਜ਼ਿਲ੍ਹਾ ਅੰਮ੍ਰਿਤਸਰ) ਦੀ ਰਹਿਣ ਵਾਲੀ ਹੈ।

ਰੋਜ਼ਗਾਰ ਸਿਰਜਣ ਮੰਤਰੀ ਅਮਨ ਅਰੋੜਾ ਨੇ ਦਿੱਤੀ ਵਧਾਈ

ਪੰਜਾਬ ਦੇ ਰੋਜ਼ਗਾਰ ਸਿਰਜਣ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਦੋਵਾਂ ਕੈਡੇਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਨਵੇਂ ਅਤੇ ਉਭਰਦੇ ਪੰਜਾਬ ਦੀ ਸੋਚ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਮਹਿਕਪ੍ਰੀਤ ਅਤੇ ਕੋਮਲਪ੍ਰੀਤ ਨੇ ਨਾ ਸਿਰਫ਼ ਦੇਸ਼ ਦੀਆਂ ਸਭ ਤੋਂ ਮੁਸ਼ਕਲ ਰੱਖਿਆ ਸੇਵਾਵਾਂ ਦੀਆਂ ਪ੍ਰੀਖਿਆਵਾਂ ਵਿੱਚ ਕਾਮਯਾਬੀ ਹਾਸਲ ਕੀਤੀ ਹੈ, ਸਗੋਂ ਪੰਜਾਬ ਦੇ ਪਿੰਡਾਂ ਅਤੇ ਛੋਟੇ ਸ਼ਹਿਰਾਂ ਦੀਆਂ ਧੀਆਂ ਲਈ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਵੀ ਖੋਲ੍ਹੇ ਹਨ।

ਉਨ੍ਹਾਂ ਦੱਸਿਆ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਲ 2023 ਵਿੱਚ ਮਾਈ ਭਾਗੋ AFPI ਵਿੱਚ ਲੜਕੀਆਂ ਲਈ NDA ਪ੍ਰਿਪੇਰੇਟਰੀ ਵਿੰਗ ਸ਼ੁਰੂ ਕੀਤਾ ਸੀ, ਜਿਸ ਦੇ ਸ਼ਾਨਦਾਰ ਨਤੀਜੇ ਹੁਣ ਸਾਹਮਣੇ ਆ ਰਹੇ ਹਨ।

AIR-1 ਹਾਸਲ ਕਰਨਾ ਅਸਾਧਾਰਣ ਉਪਲਬਧੀ

ਮਾਈ ਭਾਗੋ AFPI ਦੇ ਡਾਇਰੈਕਟਰ ਮੇਜਰ ਜਨਰਲ ਜਸਬੀਰ ਸਿੰਘ ਸੰਧੂ

ਨੇ ਕਿਹਾ ਕਿ ਰੱਖਿਆ ਸੇਵਾਵਾਂ ਵਿੱਚ ਮਹਿਲਾਵਾਂ ਲਈ ਸੀਟਾਂ ਬਹੁਤ ਸੀਮਤ ਹੁੰਦੀਆਂ ਹਨ। ਅਜਿਹੇ ਵਿੱਚ ਦੇਸ਼ ਭਰ ਵਿੱਚ ਪਹਿਲਾ ਸਥਾਨ (AIR-1) ਹਾਸਲ ਕਰਨਾ ਬੇਹੱਦ ਮਾਣ ਵਾਲੀ ਅਤੇ ਅਸਾਧਾਰਣ ਉਪਲਬਧੀ ਹੈ। ਉਨ੍ਹਾਂ ਕਿਹਾ ਕਿ ਮਹਿਕਪ੍ਰੀਤ ਅਤੇ ਕੋਮਲਪ੍ਰੀਤ ਨੇ ਪੰਜਾਬ ਸਰਕਾਰ ਦੇ ਉਸ ਮਿਸ਼ਨ ਨੂੰ ਨਵੀਂ ਤਾਕਤ ਦਿੱਤੀ ਹੈ, ਜਿਸ ਦਾ ਉਦੇਸ਼ ਵੱਧ ਤੋਂ ਵੱਧ ਧੀਆਂ ਨੂੰ ਵਰਦੀਧਾਰੀ ਸੇਵਾਵਾਂ ਵਿੱਚ ਭੇਜਣਾ ਹੈ।

ਦੋਵਾਂ ਧੀਆਂ ਦੀ ਇਹ ਉਪਲਬਧੀ ਪੰਜਾਬ ਦੀਆਂ ਹੋਰ ਲੜਕੀਆਂ ਲਈ ਪ੍ਰੇਰਣਾ ਸਰੋਤ ਬਣੇਗੀ ਅਤੇ ਇਹ ਸਾਬਤ ਕਰਦੀ ਹੈ ਕਿ ਮਿਹਨਤ, ਲਗਨ ਅਤੇ ਦ੍ਰਿੜ ਇਰਾਦੇ ਨਾਲ ਕੋਈ ਵੀ ਸੁਪਨਾ ਸਾਕਾਰ ਕੀਤਾ ਜਾ ਸਕਦਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।