ਵੱਡੀ ਖ਼ਬਰ: ਅਮਰੀਕਾ-ਇਰਾਨ ਸਮਝੌਤੇ ਮਗਰੋਂ ਹਰਮੁਜ਼ ਜਲ ਮਾਰਗ ਰਾਹੀਂ ਲੰਘੇ 11 ਭਾਰਤੀ ਸਮੁੰਦਰੀ ਜਹਾਜ਼, ਵਿਦੇਸ਼ ਮੰਤਰਾਲੇ ਨੇ ਦਿੱਤੀ ਜਾਣਕਾਰੀ

Top Trending News ਕੌਮਾਂਤਰੀ ਰਾਸ਼ਟਰੀ

 

ਵੱਡੀ ਖ਼ਬਰ: ਅਮਰੀਕਾ-ਇਰਾਨ ਸਮਝੌਤੇ ਮਗਰੋਂ ਹਰਮੁਜ਼ ਜਲ ਮਾਰਗ ਰਾਹੀਂ ਲੰਘੇ 11 ਭਾਰਤੀ ਸਮੁੰਦਰੀ ਜਹਾਜ਼, ਵਿਦੇਸ਼ ਮੰਤਰਾਲੇ ਨੇ ਦਿੱਤੀ ਜਾਣਕਾਰੀ

ਨਵੀਂ ਦਿੱਲੀ, 24 ਜੂਨ 2026-

ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇੱਕ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੱਛਮੀ ਏਸ਼ੀਆ ਸੰਕਟ ਦੇ ਖ਼ਾਤਮੇ ਲਈ ਅਮਰੀਕਾ ਅਤੇ ਇਰਾਨ ਵੱਲੋਂ ਸਹਿਮਤੀ ਪੱਤਰ (MoU) ’ਤੇ ਸਹੀ ਪਾਉਣ ਮਗਰੋਂ ਹੁਣ ਤੱਕ 11 ਭਾਰਤੀ ਸਮੁੰਦਰੀ ਜਹਾਜ਼ ਸੁਰੱਖਿਅਤ ਤਰੀਕੇ ਨਾਲ ‘ਹਰਮੁਜ਼’ ਜਲ ਮਾਰਗ ’ਚੋਂ ਲੰਘ ਚੁੱਕੇ ਹਨ। ਇਸ ਸ਼ਾਂਤੀ ਸਮਝੌਤੇ ਦੇ ਤਹਿਤ ਅਮਰੀਕਾ ਵੱਲੋਂ ਇਰਾਨੀ ਤੇਲ ਤੋਂ ਪਾਬੰਦੀ ਹਟਾ ਦਿੱਤੀ ਗਈ ਹੈ। ਇਸ ਦੌਰਾਨ ਨਵੀਂ ਦਿੱਲੀ ਨੇ ਸਪਸ਼ਟ ਕੀਤਾ ਕਿ ਉਹ ਪੱਛਮੀ ਏਸ਼ੀਆ ਦੇ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਭਾਰਤ ਦੀ ਊਰਜਾ ਸਪਲਾਈ ਪੂਰੀ ਤਰ੍ਹਾਂ ਕੌਮੀ ਹਿੱਤਾਂ ਮੁਤਾਬਕ ਤੈਅ ਹੁੰਦੀ ਹੈ।

ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਮੀਡੀਆ ਬ੍ਰੀਫਿੰਗ ਦੌਰਾਨ ਦੱਸਿਆ, ‘‘ਅੱਜ ਦੀ ਤਰੀਕ ਵਿੱਚ ਭਾਰਤੀ ਝੰਡੇ ਵਾਲੇ 10 ਸਮੁੰਦਰੀ ਜਹਾਜ਼ ਅਜੇ ਵੀ ਫ਼ਾਰਸ ਦੀ ਖਾੜੀ ਵਾਲੇ ਖੇਤਰ ਵਿੱਚ ਮੌਜੂਦ ਹਨ। ਇਸ ਤੋਂ ਇਲਾਵਾ ਦੋ ਹੋਰ ਜਹਾਜ਼ ਹਾਲ ਹੀ ਵਿੱਚ ਉਥੇ ਪਹੁੰਚੇ ਹਨ। ਲੰਘੀ 17 ਜੂਨ ਨੂੰ ਅਮਰੀਕਾ ਅਤੇ ਇਰਾਨ ਵਿਚਕਾਰ ਸਹਿਮਤੀ ਪੱਤਰ ਸਹੀਬੰਦ ਹੋਣ ਮਗਰੋਂ ਹਰਮੁਜ਼ ਜਲ ਮਾਰਗ ਰਾਹੀਂ ਹੁਣ ਤੱਕ 11 ਭਾਰਤੀ ਜਹਾਜ਼ ਲੰਘ ਚੁੱਕੇ ਹਨ।’’

ਮੀਡੀਆ ਬ੍ਰੀਫਿੰਗ ਵਿੱਚ ਦੱਸਿਆ ਗਿਆ ਕਿ ਇਨ੍ਹਾਂ ਲੰਘੇ ਸਮੁੰਦਰੀ ਜਹਾਜ਼ਾਂ ਵਿੱਚ ਭਾਰਤੀ ਝੰਡੇ ਵਾਲੇ ਤਿੰਨ ਕੱਚੇ ਤੇਲ ਵਾਲੇ ਟੈਂਕਰ ਸ਼ਾਮਲ ਹਨ (ਜਿਨ੍ਹਾਂ ਵਿੱਚੋਂ ਹਰੇਕ ‘ਤੇ 2.85 ਲੱਖ ਮੀਟਰਿਕ ਟਨ ਕੱਚਾ ਤੇਲ ਲੱਦਿਆ ਹੋਇਆ ਹੈ)। ਇੱਕ ਵਿਦੇਸ਼ੀ ਝੰਡੇ ਵਾਲਾ ਐੱਲ.ਪੀ.ਜੀ. (LPG) ਕੈਰੀਅਰ, ਇੱਕ ਵਿਦੇਸ਼ੀ ਝੰਡੇ ਵਾਲਾ ਕੱਚੇ ਤੇਲ ਵਾਲਾ ਟੈਂਕਰ, ਛੇ ਵਿਦੇਸ਼ੀ ਝੰਡੇ ਵਾਲੇ ਬਲਕ ਕੈਰੀਅਰ, ਜਿਨ੍ਹਾਂ ’ਤੇ ਫਰਟੀਲਾਈਜ਼ਰ (ਖਾਦਾਂ) ਲੱਦਿਆ ਹੋਇਆ ਹੈ।

ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਉਮੀਦ ਜਤਾਈ ਹੈ ਕਿ ਫ਼ਾਰਸ ਦੀ ਖਾੜੀ ਵਿੱਚ ਮੌਜੂਦ ਭਾਰਤੀ ਝੰਡੇ ਵਾਲੇ ਬਾਕੀ ਸਮੁੰਦਰੀ ਜਹਾਜ਼ ਵੀ ਬਹੁਤ ਜਲਦੀ ਹਰਮੁਜ਼ ਜਲ ਮਾਰਗ ਨੂੰ ਸੁਰੱਖਿਅਤ ਪਾਰ ਕਰ ਲੈਣਗੇ। ਪੱਛਮੀ ਏਸ਼ੀਆ ਵਿੱਚ ਆਈ ਇਸ ਨਰਮੀ ਨਾਲ ਕੌਮਾਂਤਰੀ ਬਾਜ਼ਾਰ ਅਤੇ ਭਾਰਤ ਦੀ ਊਰਜਾ ਸੁਰੱਖਿਆ ਨੂੰ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।