ਮੌਸਮ ਵਿਭਾਗ ਦੀ ਵੱਡੀ ਚੇਤਾਵਨੀ; ਪੰਜਾਬ ਸਣੇ ਕਈ ਥਾਵਾਂ ਤੇ ਭਾਰੀ ਮੀਂਹ ਦੇ ਨਾਲ ਤੇਜ਼ ਤੂਫਾਨ ਦਾ ਅਲਰਟ
ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿੱਚ 23 ਤੋਂ 26 ਜੂਨ ਅਤੇ 29 ਜੂਨ ਨੂੰ ਮੀਂਹ ਦੀ ਸੰਭਾਵਨਾ
ਨਵੀਂ ਦਿੱਲੀ/ਚੰਡੀਗੜ੍ਹ, 24 ਜੂਨ 2026
ਉੱਤਰ ਭਾਰਤ ਦੇ ਰਾਜਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਮੌਸਮ ਵਿਭਾਗ ਵੱਲੋਂ ਇੱਕ ਬੇਹੱਦ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਭਿਆਨਕ ਗਰਮੀ, ਤੇਜ਼ ਧੁੱਪ ਅਤੇ ਲੂ (Heatwave) ਤੋਂ ਵੱਡੀ ਰਾਹਤ ਮਿਲਦੀ ਰਹੇਗੀ। ਮੌਸਮ ਵਿਭਾਗ ਨੇ ਸੰਕੇਤ ਦਿੱਤੇ ਹਨ ਕਿ ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਪੂਰੇ ਉੱਤਰ ਭਾਰਤ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਮੀਂਹ ਪੈਣ ਦਾ ਸਿਲਸਿਲਾ ਜਾਰੀ ਰਹੇਗਾ।
ਮੌਸਮ ਵਿਭਾਗ ਦੇ ਅਨੁਸਾਰ, ਰਾਜਧਾਨੀ ਦਿੱਲੀ, ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ 23 ਤੋਂ 26 ਜੂਨ ਤੱਕ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਇਸ ਤੋਂ ਬਾਅਦ 29 ਜੂਨ ਨੂੰ ਵੀ ਇਨ੍ਹਾਂ ਇਲਾਕਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਵੇਗੀ।
ਨੋਇਡਾ ਅਤੇ ਗਾਜ਼ੀਆਬਾਦ ਸਮੇਤ ਪੱਛਮੀ ਉੱਤਰ ਪ੍ਰਦੇਸ਼ ਦੇ ਇਲਾਕਿਆਂ ਵਿੱਚ 23-24 ਜੂਨ ਅਤੇ ਫਿਰ 29 ਜੂਨ ਨੂੰ ਮੀਂਹ ਪੈਣ ਦੇ ਆਸਾਰ ਹਨ। ਇਸੇ ਤਰ੍ਹਾਂ ਪੂਰਬੀ ਉੱਤਰ ਪ੍ਰਦੇਸ਼ ਵਿੱਚ 28 ਅਤੇ 29 ਜੂਨ ਲਈ ਮੀਂਹ ਦਾ ਅਲਰਟ ਦਿੱਤਾ ਗਿਆ ਹੈ।
ਦੂਜੇ ਪਾਸੇ, ਰਾਜਸਥਾਨ ਵਿੱਚ ਵੀ ਮੌਸਮ ਖੁਸ਼ਗਵਾਰ ਬਣਿਆ ਰਹੇਗਾ। ਪੂਰਬੀ ਅਤੇ ਪੱਛਮੀ ਰਾਜਸਥਾਨ ਵਿੱਚ 24 ਤੋਂ 29 ਜੂਨ ਤੱਕ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ।
ਮੌਸਮ ਵਿਭਾਗ ਦੀ ਇਸ ਭਵਿੱਖਬਾਣੀ ਨਾਲ ਪਿਛਲੇ ਕਈ ਦਿਨਾਂ ਤੋਂ ਅੱਤ ਦੀ ਗਰਮੀ ਝੱਲ ਰਹੇ ਆਮ ਲੋਕਾਂ ਅਤੇ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ ਹੈ।



