ਬਠਿੰਡਾ ਪੈਟਰੋਲ ਬੰਬ ਕਾਂਡ: ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਅਬੋਹਰ ਤੋਂ ਦੋਵੇਂ ਮੁਲਜ਼ਮ ਗ੍ਰਿਫ਼ਤਾਰ; ਭੱਜਣ ਦੀ ਕੋਸ਼ਿਸ਼ ‘ਚ ਹੋਏ ਜ਼ਖ਼ਮੀ

Top Trending News ਪੰਜਾਬ

 

ਬਠਿੰਡਾ ਪੈਟਰੋਲ ਬੰਬ ਕਾਂਡ: ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਅਬੋਹਰ ਤੋਂ ਦੋਵੇਂ ਮੁਲਜ਼ਮ ਗ੍ਰਿਫ਼ਤਾਰ; ਭੱਜਣ ਦੀ ਕੋਸ਼ਿਸ਼ ‘ਚ ਹੋਏ ਜ਼ਖ਼ਮੀ

ਬਠਿੰਡਾ (25 ਜੂਨ, 2026):

ਬਠਿੰਡਾ ਵਿੱਚ ਭਾਜਪਾ ਆਗੂ ਅਤੇ ਹੋਮਿਓਪੈਥਿਕ ਮਾਹਰ ਡਾਕਟਰ ਤਰਸੇਮ ਗਰਗ ਦੇ ਕਲੀਨਿਕ ‘ਤੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ ਵਿੱਚ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਸੂਤਰਾਂ ਮੁਤਾਬਕ ਪੁਲਿਸ ਨੇ ਬੁੱਧਵਾਰ ਦੇਰ ਸ਼ਾਮ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਵਾਂ ਮੁਲਜ਼ਮਾਂ ਨੂੰ ਅਬੋਹਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਗ੍ਰਿਫ਼ਤਾਰੀ ਦੌਰਾਨ ਜਦੋਂ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਜ਼ਖ਼ਮੀ ਹੋ ਗਏ, ਜਿਸ ਕਾਰਨ ਉਨ੍ਹਾਂ ਦੀਆਂ ਲੱਤਾਂ ‘ਤੇ ਸੱਟਾਂ ਲੱਗੀਆਂ ਹਨ। ਦੇਰ ਰਾਤ ਹੀ ਦੋਵਾਂ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਮਾਮਲੇ ਦੀ ਗੰਭੀਰਤਾ ਅਤੇ ਅੱਤਵਾਦੀ/ਗੈਂਗਸਟਰ ਨੈੱਟਵਰਕ ਦੇ ਖ਼ਦਸ਼ੇ ਨੂੰ ਦੇਖਦਿਆਂ ਰਾਸ਼ਟਰੀ ਜਾਂਚ ਏਜੰਸੀ (NIA) ਨੇ ਵੀ ਇਸ ਕੇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ ਨੂੰ NIA ਦੀ ਇੱਕ ਵਿਸ਼ੇਸ਼ ਟੀਮ ਬਠਿੰਡਾ ਪਹੁੰਚੀ ਅਤੇ ਕਰੀਬ ਦੋ ਘੰਟਿਆਂ ਤੱਕ ਮੌਕੇ ਦਾ ਜਾਇਜ਼ਾ ਲੈਂਦਿਆਂ ਡਾ. ਤਰਸੇਮ ਗਰਗ ਤੋਂ ਪੁੱਛਗਿੱਛ ਕੀਤੀ। ਟੀਮ ਨੇ ਸੀਸੀਟੀਵੀ (CCTV) ਫੁਟੇਜ, ਕਾਲ ਡਿਟੇਲਜ਼ ਅਤੇ ਹੋਰ ਤਕਨੀਕੀ ਸਬੂਤ ਆਪਣੇ ਕਬਜ਼ੇ ਵਿੱਚ ਲਏ ਹਨ।

ਸੋਮਵਾਰ ਰਾਤ ਦਾ ਹਮਲਾ: ਸੋਮਵਾਰ ਰਾਤ ਕਰੀਬ 9:40 ਵਜੇ ਮੇਲਾ ਰਾਮ ਰੋਡ ‘ਤੇ ਸਥਿਤ ਡਾ. ਗਰਗ ਦੇ ਕਲੀਨਿਕ ਬਾਹਰ ਮੋਟਰਸਾਈਕਲ ਸਵਾਰ ਦੋ ਨੌਜਵਾਨ ਆਏ ਅਤੇ ਪੈਟਰੋਲ ਬੰਬ ਸੁੱਟ ਕੇ ਫਰਾਰ ਹੋ ਗਏ। ਹਮਲੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਉੱਥੇ ਖੜ੍ਹੀ ਇੱਕ ਸਕੂਟੀ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ. ਮੌਕੇ ਤੋਂ ਇੱਕ ਹੋਰ ਸ਼ੱਕੀ ਬੋਤਲ ਵੀ ਬਰਾਮਦ ਹੋਈ ਸੀ।

‘ਸ਼ਹਿਜ਼ਾਦ ਭੱਟੀ’ ਦੇ ਨਾਮ ਤੋਂ ਆਈ ਧਮਕੀ: ਇਸ ਘਟਨਾ ਦੇ ਕਰੀਬ ਦੋ ਘੰਟਿਆਂ ਬਾਅਦ ਡਾ. ਗਰਗ ਦੀ ਪਤਨੀ ਦੇ ਮੋਬਾਈਲ ਫ਼ੋਨ ‘ਤੇ ਇੱਕ ਅਣਪਛਾਤੇ ਨੰਬਰ ਤੋਂ ਫ਼ੋਨ ਆਇਆ। ਫ਼ੋਨ ਕਰਨ ਵਾਲੇ ਨੇ ਖੁਦ ਨੂੰ ‘ਸ਼ਹਿਜ਼ਾਦ ਭੱਟੀ’ ਦੱਸਦਿਆਂ ਹਮਲੇ ਦੀ ਜ਼ਿੰਮੇਵਾਰੀ ਲਈ ਅਤੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਦਾ ਦਾਇਰਾ ਹੋਰ ਵਧਾ ਦਿੱਤਾ ਸੀ।

ਬਠਿੰਡਾ ਪੁਲਿਸ ਦੀਆਂ ਕਈ ਟੀਮਾਂ, ਫੋਰੈਂਸਿਕ ਮਾਹਰ, ਡੌਗ ਸਕੁਐਡ ਅਤੇ ਸਾਈਬਰ ਸੈੱਲ ਇਸ ਕੇਸ ਨੂੰ ਸੁਲਝਾਉਣ ਵਿੱਚ ਲੱਗੇ ਹੋਏ ਸਨ. ਆਸ-ਪਾਸ ਦੇ ਇਲਾਕਿਆਂ ਦੀ ਸੀਸੀਟੀਵੀ ਫੁਟੇਜ ਖੰਗਾਲਣ ਅਤੇ ਮੋਬਾਈਲ ਲੋਕੇਸ਼ਨਾਂ ਟਰੇਸ ਕਰਨ ਤੋਂ ਬਾਅਦ ਪੁਲਿਸ ਮੁਲਜ਼ਮਾਂ ਦੇ ਅਬੋਹਰ ਲੁਕੇ ਹੋਣ ਤੱਕ ਪਹੁੰਚੀ।

ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਇਸ ਹਮਲੇ ਦੇ ਪਿੱਛੇ ਦੀ ਅਸਲ ਸਾਜ਼ਿਸ਼, ਧਮਕੀ ਭਰੇ ਫ਼ੋਨ ਦੇ ਸਬੰਧ ਅਤੇ ਕਿਸੇ ਵੱਡੇ ਅਪਰਾਧਿਕ ਨੈੱਟਵਰਕ ਦੇ ਸ਼ਾਮਲ ਹੋਣ ਬਾਰੇ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।\

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।