ਅਵਾਰਾ ਕੁੱਤਿਆਂ ਨੇ 4 ਸਾਲ ਦੀ ਮਾਸੂਮ ਬੱਚੀ ਨੂੰ ਨੋਚ-ਨੋਚ ਕੇ ਮਾਰਿਆ

Top Trending News ਪੰਜਾਬ

 

ਅਵਾਰਾ ਕੁੱਤਿਆਂ ਨੇ 4 ਸਾਲ ਦੀ ਮਾਸੂਮ ਬੱਚੀ ਨੂੰ ਨੋਚ-ਨੋਚ ਕੇ ਮਾਰਿਆ

ਟਾਂਡਾ ‘ਚ ਅਵਾਰਾ ਕੁੱਤਿਆਂ ਦਾ ਕਹਿਰ: ਝੋਨਾ ਲਾ ਰਹੇ ਪ੍ਰਵਾਸੀ ਮਜ਼ਦੂਰਾਂ ਦੀ 4 ਸਾਲਾ ਧੀ ਨੂੰ ਨੋਚ-ਨੋਚ ਕੇ ਮਾਰਿਆ, ਇਲਾਕੇ ਵਿੱਚ ਸੋਗ ਦੀ ਲਹਿਰ

ਟਾਂਡਾ ਉੜਮੁੜ, 06 ਜੁਲਾਈ 2026- ਟਾਂਡਾ ਉੜਮੁੜ ਦੇ ਪਿੰਡ ਓਹੜਪੁਰ-ਬਸੀ ਜਲਾਲ ਸੰਪਰਕ ਸੜਕ ‘ਤੇ ਬੀਤੀ ਦੇਰ ਸ਼ਾਮ ਅਵਾਰਾ ਕੁੱਤਿਆਂ ਵੱਲੋਂ ਇੱਕ 4 ਸਾਲ ਦੀ ਮਾਸੂਮ ਬੱਚੀ ਨੂੰ ਨੋਚ-ਨੋਚ ਕੇ ਮਾਰ ਮੁਕਾਉਣ ਦਾ ਬੇਹੱਦ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਬੱਚੀ ਦੀ ਪਛਾਣ ਗੁਣਗੁਣ (4) ਵਜੋਂ ਹੋਈ ਹੈ, ਜੋ ਕਿ ਇੱਕ ਪ੍ਰਵਾਸੀ ਖੇਤ ਮਜ਼ਦੂਰ ਦੀ ਧੀ ਸੀ।

ਇਹ ਦਿਲ ਕੰਬਾਊ ਹਾਦਸਾ ਸ਼ਾਮ ਸਾਢੇ 5 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਉੱਤਰ ਪ੍ਰਦੇਸ਼ ਦੇ ਧਿਆਨਪੁਰ (ਲਖੀਮਪੁਰ ਖੀਰੀ) ਨਾਲ ਸਬੰਧਤ ਪ੍ਰਵਾਸੀ ਮਜ਼ਦੂਰ ਪਰਿਵਾਰ ਉਕਤ ਸੰਪਰਕ ਸੜਕ ਅਤੇ ਇੱਕ ਪੋਲਟਰੀ ਫਾਰਮ ਦੇ ਨਜ਼ਦੀਕ ਕਿਸੇ ਕਿਸਾਨ ਦੇ ਖੇਤ ਵਿੱਚ ਝੋਨਾ ਲਗਾ ਰਿਹਾ ਸੀ।

ਝੋਨਾ ਲਗਾਉਣ ਦੌਰਾਨ ਮਜ਼ਦੂਰ ਰਾਮ ਜੀਵਨ ਅਤੇ ਉਸ ਦੀ ਪਤਨੀ ਪ੍ਰੀਤੀ ਨੇ ਆਪਣੀ ਬੱਚੀ ਗੁਣਗੁਣ ਨੂੰ ਧੁੱਪ ਤੋਂ ਬਚਾਉਣ ਲਈ ਕਰੀਬ 100 ਮੀਟਰ ਦੂਰ ਇੱਕ ਮੋਟਰ ਅਤੇ ਦਰੱਖ਼ਤ ਦੀ ਛਾਂ ਹੇਠਾਂ ਬਿਠਾਇਆ ਹੋਇਆ ਸੀ।

ਇਸੇ ਦੌਰਾਨ ਅਚਾਨਕ 7 ਦੇ ਕਰੀਬ ਖ਼ੂਨਖ਼ਾਰ ਅਵਾਰਾ ਕੁੱਤਿਆਂ ਨੇ ਮਾਸੂਮ ਬੱਚੀ ‘ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਨੋਚਦੇ ਹੋਏ ਥੋੜ੍ਹੀ ਦੂਰ ਘੜੀਸ ਕੇ ਲੈ ਗਏ। ਬੱਚੀ ਦੀਆਂ ਚੀਕਾਂ ਸੁਣ ਕੇ ਖੇਤਾਂ ਵਿੱਚ ਕੰਮ ਕਰ ਰਹੇ ਮਾਤਾ-ਪਿਤਾ ਅਤੇ ਹੋਰ ਮੈਂਬਰ ਤੁਰੰਤ ਮੌਕੇ ਵੱਲ ਭੱਜੇ। ਜਦੋਂ ਉਹ ਉੱਥੇ ਪਹੁੰਚੇ ਤਾਂ ਗੁਣਗੁਣ ਬੇਹੱਦ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਈ ਪਈ ਸੀ ਅਤੇ ਲਹੂ-ਲੁਹਾਨ ਸੀ।

ਪਰਿਵਾਰਕ ਮੈਂਬਰਾਂ ਵੱਲੋਂ ਬੱਚੀ ਨੂੰ ਤੁਰੰਤ ਟਾਂਡਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਪਰ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਹੁਸ਼ਿਆਰਪੁਰ ਰੈਫਰ ਕਰ ਦਿੱਤਾ। ਹੁਸ਼ਿਆਰਪੁਰ ਦੇ ਹਸਪਤਾਲ ਵਿੱਚ ਇਲਾਜ ਦੌਰਾਨ ਬੀਤੀ ਰਾਤ ਮਾਸੂਮ ਗੁਣਗੁਣ ਨੇ ਦਮ ਤੋੜ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਅੱਜਕੱਲ੍ਹ ਪਿੰਡ ਬਸੀ ਜਲਾਲ ਰਹਿ ਕੇ ਝੋਨਾ ਲਾਉਣ ਦਾ ਕੰਮ ਕਰ ਰਿਹਾ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਅਤੇ ਦਹਿਸ਼ਤ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸੇ ਖੇਤਰ ਵਿੱਚ ਅਵਾਰਾ ਕੁੱਤਿਆਂ ਦੇ ਕਹਿਰ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ।

ਇਸ ਤੋਂ ਪਹਿਲਾਂ ਬੀਤੀ 6 ਮਈ ਨੂੰ ਵੀ ਨਜ਼ਦੀਕੀ ਪਿੰਡ ਖਰਲ ਖ਼ੁਰਦ ਵਿੱਚ ਅਵਾਰਾ ਕੁੱਤਿਆਂ ਨੇ ਇੱਕ ਹੋਰ ਪ੍ਰਵਾਸੀ ਮਜ਼ਦੂਰ ਦੀ ਬੱਚੀ ਨੂੰ ਇਸੇ ਤਰ੍ਹਾਂ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਅਵਾਰਾ ਕੁੱਤਿਆਂ ਦੀ ਵਧਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਦੀ ਮੰਗ ਕੀਤੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।