ਫਿਰੋਜ਼ਪੁਰ ‘ਚ ਭਿਆਨਕ ਸੜਕ ਹਾਦਸਾ; ਪ੍ਰਾਈਵੇਟ ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਔਰਤ ਦੀ ਮੌਕੇ ‘ਤੇ ਮੌਤ, 2 ਜ਼ਖ਼ਮੀ
ਫਿਰੋਜ਼ਪੁਰ, 06 ਜੁਲਾਈ 2026- ਫਿਰੋਜ਼ਪੁਰ ਵਿਖੇ ਮੱਲਾਂ-ਵਾਲਾ ਰੋਡ ‘ਤੇ ਮਖੂ ਗੇਟ ਨੇੜੇ ਇੱਕ ਬੇਹੱਦ ਦੁਖਦਾਈ ਅਤੇ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਦਰਦਨਾਕ ਹਾਦਸੇ ਵਿੱਚ ਇੱਕ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਸਵਾਰ ਦੋ ਹੋਰ ਲੋਕ ਮਾਮੂਲੀ ਰੂਪ ਵਿੱਚ ਜ਼ਖ਼ਮੀ ਹੋ ਗਏ।
ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਫਿਰੋਜ਼ਪੁਰ-ਮਲਾਵਾਲਾ ਰੋਡ ‘ਤੇ ਸਥਿਤ ਮਖੂ ਗੇਟ ਦੇ ਬਿਲਕੁਲ ਕੋਲ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਬਾਈਕ ‘ਤੇ ਸਵਾਰ ਤਿੰਨੋਂ ਲੋਕ ਸੜਕ ‘ਤੇ ਜਾ ਡਿੱਗੇ। ਇਸ ਦੌਰਾਨ ਬਾਈਕ ਸਵਾਰ ਔਰਤ ਦੇ ਸਿਰ ‘ਤੇ ਗੰਭੀਰ ਸੱਟ ਲੱਗ ਗਈ, ਜਿਸ ਕਾਰਨ ਉਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਮ੍ਰਿਤਕ ਔਰਤ ਦੀ ਪਛਾਣ ਵੀਰਪਾਲ ਵਜੋਂ ਹੋਈ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕਾ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਇਸ ਹਾਦਸੇ ਦੌਰਾਨ ਜੋ ਵੀ ਧਿਰ ਕਸੂਰਵਾਰ ਪਾਈ ਗਈ, ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।



