ਕਾਂਗਰਸ ਦੇ ਅੰਦਰੂਨੀ ਕਲੇਸ਼ ‘ਤੇ AAP ਦਾ ਵੱਡਾ ਹਮਲਾ; ਚੰਨੀ ਦੀ ਖ਼ਾਮੋਸ਼ੀ ਨੂੰ ਦੱਸਿਆ ‘ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ’
ਚੰਡੀਗੜ੍ਹ, 10 ਜੁਲਾਈ 2026- ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਖਿੱਚੋਤਾਣ ਅਤੇ ਸਿਆਸੀ ਕਲੇਸ਼ ਹੁਣ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਆ ਗਿਆ ਹੈ। ਕਾਂਗਰਸ ਦੇ ਇਸ ਅੰਦਰੂਨੀ ਵਿਵਾਦ ‘ਤੇ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ (AAP) ਨੇ ਤਿੱਖਾ ਤੰਜ ਕੱਸਿਆ ਹੈ। ‘ਆਪ’ ਨੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਾ ਚੁੱਪੀ ਨੂੰ ਲੈ ਕੇ ਕਈ ਸਿਆਸੀ ਸਵਾਲ ਖੜ੍ਹੇ ਕੀਤੇ ਹਨ।
ਆਮ ਆਦਮੀ ਪਾਰਟੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਚਰਨਜੀਤ ਸਿੰਘ ਚੰਨੀ ਨੇ ਫਿਲਹਾਲ ਸਰੰਡਰ ਕਰ ਦਿੱਤਾ ਹੈ। ਪਰ ਪਾਰਟੀ ਨੇ ਨਾਲ ਹੀ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਇਹ ਕੋਈ ਆਮ ਚੁੱਪ ਨਹੀਂ ਹੈ, ਬਲਕਿ ਕਿਸੇ ਵੱਡੇ ਸਿਆਸੀ ਦਾਅ ਤੋਂ ਪਹਿਲਾਂ ਦੀ ਖ਼ਾਮੋਸ਼ੀ ਵੀ ਹੋ ਸਕਦੀ ਹੈ। ‘ਆਪ’ ਮੁਤਾਬਕ ਇਤਿਹਾਸ ਗਵਾਹ ਹੈ ਕਿ ਸਿਆਸੀ ਖ਼ਾਮੋਸ਼ੀ ਤੋਂ ਬਾਅਦ ਹਮੇਸ਼ਾ ਇੱਕ ਵੱਡਾ ਸਿਆਸੀ ਤੂਫ਼ਾਨ ਆਉਂਦਾ ਹੈ।
ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਚੁਟਕੀ ਲੈਂਦਿਆਂ ਆਮ ਆਦਮੀ ਪਾਰਟੀ ਨੇ ਕਿਹਾ ਕਿ ਚੰਨੀ ਦੇ ਇਸ ਕਦਮ ਨਾਲ ਰਾਜਾ ਵੜਿੰਗ ਨੂੰ ਫਿਲਹਾਲ ਰਾਹਤ ਜ਼ਰੂਰ ਮਿਲੀ ਹੋਵੇਗੀ, ਪਰ ਇਹ ਰਾਹਤ ਬਹੁਤੀ ਦੇਰ ਟਿਕਣ ਵਾਲੀ ਨਹੀਂ ਜਾਪਦੀ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਕਾਂਗਰਸ ਦੇ ਆਗੂਆਂ ਵਿਚਾਲੇ ਆਪਸੀ ਮਤਭੇਦ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ।



