ਵੱਡੀ ਖ਼ਬਰ: ਪੰਜਾਬ ‘ਚ ਕਰੋੜਾਂ ਦੇ ਘੁਟਾਲੇ ਦਾ ਪਰਦਾਫ਼ਾਸ਼; ਜਲੰਧਰ ਦਾ ਕਾਰੋਬਾਰੀ ਗ੍ਰਿਫ਼ਤਾਰ
ਜਲੰਧਰ/ਚੰਡੀਗੜ੍ਹ, 10 ਜੁਲਾਈ 2026-
ਪੰਜਾਬ ਰਾਜ ਕਰ ਵਿਭਾਗ (State Tax Department) ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ 55.35 ਕਰੋੜ ਰੁਪਏ ਦੇ ਫਰਜ਼ੀ ਜੀ.ਐਸ.ਟੀ. (GST) ਬਿਲਿੰਗ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਵਿਭਾਗ ਨੇ ਜਲੰਧਰ ਸਥਿਤ ਇੱਕ ਫਰਮ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਵਿਭਾਗ ਦੀ ਇਸ ਮੁਸਤੈਦੀ ਸਦਕਾ ਲਗਭਗ 8.35 ਕਰੋੜ ਰੁਪਏ ਦੇ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ (ITC) ਰਾਹੀਂ ਲਏ ਜਾ ਰਹੇ ਗਲਤ ਆਈ.ਜੀ.ਐਸ.ਟੀ. (IGST) ਰਿਫੰਡ ਦੇ ਦਾਅਵਿਆਂ ‘ਤੇ ਰੋਕ ਲਗਾ ਦਿੱਤੀ ਗਈ ਹੈ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਹੋਣ ਵਾਲੇ ਭਾਰੀ ਨੁਕਸਾਨ ਨੂੰ ਬਚਾ ਲਿਆ ਗਿਆ ਹੈ।
ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ, ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਜਾਂਚ ਦੌਰਾਨ ਪੰਜਾਬ ਜੀ.ਐਸ.ਟੀ. ਐਕਟ, 2017 ਦੀ ਧਾਰਾ-69 ਦੇ ਤਹਿਤ ਜਲੰਧਰ ਸਥਿਤ ‘ਮੈਸਰਜ਼ ਰੈਮਸਨਜ਼ ਕਾਰਪੋਰੇਸ਼ਨ’ ਦੇ ਮਾਲਕ ਭੂਪਿੰਦਰ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਫਰਮ ਬਿਨਾਂ ਕਿਸੇ ਅਸਲ ਮਾਲ (Goods) ਦੀ ਸਪਲਾਈ ਕੀਤੇ ਸਿਰਫ਼ ਫਰਜ਼ੀ ਜੀ.ਐਸ.ਟੀ. ਇਨਵੌਇਸ (ਬਿੱਲ) ਜਾਰੀ ਕਰ ਰਹੀ ਸੀ ਅਤੇ ਵੱਡੇ ਪੱਧਰ ‘ਤੇ ਫਰਜ਼ੀ ਬਿਲਿੰਗ ਅਤੇ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ ਦਾ ਕਾਰੋਬਾਰ ਚਲਾ ਰਹੀ ਸੀ।
ਜਾਂਚ ਵਿੱਚ ਪਤਾ ਲੱਗਿਆ ਹੈ ਕਿ ਫਰਮ ਨੇ ਕਰੀਬ 55.35 ਕਰੋੜ ਰੁਪਏ ਦੀ ਫਰਜ਼ੀ ਬਿਲਿੰਗ ਕਰਕੇ ਲਗਭਗ 8.35 ਕਰੋੜ ਰੁਪਏ ਦਾ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ ਹਾਸਲ ਕੀਤਾ ਅਤੇ ਇਸ ਨੂੰ ਅੱਗੇ ਹੋਰ ਫਰਮਾਂ ਨੂੰ ਤਬਦੀਲ (ਸਟੈਂਡਫੋਰਡ) ਕਰ ਦਿੱਤਾ। ਇਸ ਫਰਜ਼ੀ ਆਈ.ਟੀ.ਸੀ. ਦੀ ਵਰਤੋਂ ਕੁਝ ਮੈਨੂਫੈਕਚਰਿੰਗ ਯੂਨਿਟਾਂ (ਉਤਪਾਦਨ ਇਕਾਈਆਂ) ਵੱਲੋਂ ਐਕਸਪੋਰਟ (ਨਿਰਯਾਤ) ‘ਤੇ ਭੁਗਤਾਨ ਕੀਤੇ ਗਏ ਏਕੀਕ੍ਰਿਤ ਜੀ.ਐਸ.ਟੀ. (IGST) ਦੇ ਰਿਫੰਡ ਦਾ ਗਲਤ ਦਾਅਵਾ ਕਰਨ ਲਈ ਕੀਤੀ ਗਈ, ਜਿਸ ਨਾਲ ਸਰਕਾਰੀ ਮਾਲੀਏ ਨੂੰ ਸਿੱਧਾ ਚੂਨਾ ਲੱਗ ਰਿਹਾ ਸੀ।
ਵਿਭਾਗ ਦੀ ਵਿਸ਼ੇਸ਼ ਟੀਮ ਨੇ ਜਾਂਚ ਦੌਰਾਨ ਇਕੱਠੇ ਕੀਤੇ ਠੋਸ ਸਬੂਤਾਂ ਦੇ ਆਧਾਰ ‘ਤੇ 9 ਜੁਲਾਈ ਨੂੰ ਮੁਲਜ਼ਮ ਭੂਪਿੰਦਰ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ। ਅਧਿਕਾਰੀਆਂ ਮੁਤਾਬਕ ਇਸ ਮਾਮਲੇ ਨਾਲ ਸਬੰਧਤ ਅਪਰਾਧ ਪੰਜਾਬ ਜੀ.ਐਸ.ਟੀ ਐਕਟ, 2017 ਦੇ ਤਹਿਤ ਗੈਰ-ਜ਼ਮਾਨਤੀ ਸ਼੍ਰੇਣੀ ਵਿੱਚ ਆਉਂਦੇ ਹਨ, ਅਤੇ ਹੁਣ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ।



