ਗਮਾਡਾ ਜ਼ਮੀਨ ਤੋਂ ਕੂੜਾ ਤੇ ਮਲਬਾ ਹਟਾਉਣ ਦੇ ਹੁਕਮ, ਕੌਂਸਲਰ ਸੁਖਦੇਵ ਪਟਵਾਰੀ ਦੀ ਮੰਗ ‘ਤੇ ਸਰਕਾਰ ਦੀ ਕਾਰਵਾਈ

Top Trending News ਪੰਜਾਬ
  • ਗਮਾਡਾ ਜ਼ਮੀਨ ਤੋਂ ਕੂੜਾ ਤੇ ਮਲਬਾ ਹਟਾਉਣ ਦੇ ਹੁਕਮ, ਕੌਂਸਲਰ ਸੁਖਦੇਵ ਪਟਵਾਰੀ ਦੀ ਮੰਗ ‘ਤੇ ਸਰਕਾਰ ਦੀ ਕਾਰਵਾਈ

ਐਸ ਏ ਐਸ ਨਗਰ, 22 ਜੁਲਾਈ (ਦੇਸ਼ ਕਲਿੱਕ ਬਿਊਰੋ): ਮੋਹਾਲੀ ਦੇ ਵਾਰਡ ਨੰਬਰ 34 ਤੋਂ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਵੱਲੋਂ ਉਠਾਏ ਗਏ ਲੋਕ ਹਿੱਤ ਦੇ ਮੁੱਦੇ ‘ਤੇ ਪੰਜਾਬ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਸੈਕਟਰ-70 ਵਿਖੇ ਗਮਾਡਾ ਦੀ ਖਾਲੀ ਪਈ ਜ਼ਮੀਨ ‘ਤੇ ਪਏ ਗੋਹੇ, ਕੂੜੇ-ਕਰਕਟ ਅਤੇ ਮਲਬੇ ਨੂੰ ਹਟਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।

ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ ਨੇ ਅੱਜ ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ ਵਿਭਾਗ ਦੇ ਸਕੱਤਰ ਸ੍ਰੀ ਵਿਕਾਸ ਗਰਗ ਨੂੰ ਹਦਾਇਤ ਕੀਤੀ ਹੈ ਕਿ ਮੋਹਾਲੀ ਦੇ ਸੈਕਟਰ-70 ਵਿਖੇ ਪਿੰਡ ਮਟੌਰ ਦੇ ਨੇੜੇ ਗਮਾਡਾ ਦੀ ਖਾਲੀ ਪਈ ਜ਼ਮੀਨ ‘ਤੇ ਪਏ ਗੋਹੇ, ਕੂੜੇ ਅਤੇ ਮਲਬੇ ਨੂੰ ਤੁਰੰਤ ਚੁੱਕਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ।

ਪਟਵਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ 4 ਜੂਨ ਨੂੰ ਇੱਕ ਵਿਸਥਾਰਪੂਰਵਕ ਪੱਤਰ ਰਾਹੀਂ ਮਾਨਯੋਗ ਮੁੱਖ ਸਕੱਤਰ ਪੰਜਾਬ ਨੂੰ ਇਸ ਸਮੱਸਿਆ ਵੱਲ ਧਿਆਨ ਦਿਵਾਇਆ ਸੀ, ਕਿ ਉਕਤ ਖਾਲੀ ਜਗ੍ਹਾ ਗੋਹੇ, ਕੂੜੇ-ਕਰਕਟ ਅਤੇ ਮਲਬੇ ਦਾ ਡੰਪਿੰਗ ਪੁਆਇੰਟ ਬਣ ਚੁੱਕੀ ਹੈ, ਜਿਸ ਕਾਰਨ ਆਲੇ-ਦੁਆਲੇ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੰਦਗੀ ਕਾਰਨ ਬਦਬੂ ਫੈਲਦੀ ਹੈ ਅਤੇ ਗੰਭੀਰ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ।

ਉਨ੍ਹਾਂ ਆਪਣੇ ਪੱਤਰ ਵਿੱਚ ਇਹ ਵੀ ਮੰਗ ਕੀਤੀ ਸੀ ਕਿ ਇਸ ਕੀਮਤੀ ਸਰਕਾਰੀ ਜ਼ਮੀਨ ਨੂੰ ਗੰਦਗੀ ਦਾ ਢੇਰ ਬਣਨ ਤੋਂ ਬਚਾਉਂਦਿਆਂ ਇੱਥੇ ਇੱਕ ਆਧੁਨਿਕ ਖੇਡ ਸਟੇਡੀਅਮ ਦਾ ਨਿਰਮਾਣ ਕੀਤਾ ਜਾਵੇ, ਤਾਂ ਜੋ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਲਈ ਵਧੀਆ ਸਹੂਲਤਾਂ ਮਿਲ ਸਕਣ ਅਤੇ ਸਰਕਾਰੀ ਜ਼ਮੀਨ ਦੀ ਸਹੀ ਵਰਤੋਂ ਹੋ ਸਕੇ।

ਸੁਖਦੇਵ ਸਿੰਘ ਪਟਵਾਰੀ ਨੇ ਦੱਸਿਆ ਕਿ 15 ਜੁਲਾਈ ਨੂੰ ਹੋਈ ਨਗਰ ਨਿਗਮ ਮੋਹਾਲੀ ਦੀ ਹਾਊਸ ਮੀਟਿੰਗ ਦੌਰਾਨ ਵੀ ਉਨ੍ਹਾਂ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਸੀ ਅਤੇ ਪ੍ਰਸ਼ਾਸਨ ਤੋਂ ਜਲਦ ਕਾਰਵਾਈ ਦੀ ਮੰਗ ਕੀਤੀ ਸੀ।

ਪਟਵਾਰੀ ਨੇ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਲੋਕ ਹਿੱਤ ਦੇ ਇਸ ਮੁੱਦੇ ‘ਤੇ ਤੁਰੰਤ ਨੋਟਿਸ ਲੈ ਕੇ ਕਾਰਵਾਈ ਕਰਨਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਵਾਰਡ ਅਤੇ ਸਮੁੱਚੇ ਇਲਾਕੇ ਦੇ ਲੋਕਾਂ ਦੀਆਂ ਜਾਇਜ਼ ਸਮੱਸਿਆਵਾਂ ਨੂੰ ਇਸੇ ਤਰ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਂਦੇ ਰਹਿਣਗੇ ਅਤੇ ਲੋਕ ਹਿੱਤ ਦੇ ਹਰ ਮੁੱਦੇ ਲਈ ਪੂਰੀ ਦ੍ਰਿੜਤਾ ਨਾਲ ਆਵਾਜ਼ ਬੁਲੰਦ ਕਰਦੇ ਰਹਿਣਗੇ।