ਭਿਆਨਕ ਸੜਕ ਹਾਦਸੇ ‘ਚ ਪਤੀ-ਪਤਨੀ ਦੀ ਮੌਤ; 5 ਸਾਲਾ ਪੁੱਤਰ ਗੰਭੀਰ ਜ਼ਖ਼ਮੀ

Top Trending News ਪੰਜਾਬ

 

ਭਿਆਨਕ ਸੜਕ ਹਾਦਸੇ ‘ਚ ਪਤੀ-ਪਤਨੀ ਦੀ ਮੌਤ; 5 ਸਾਲਾ ਪੁੱਤਰ ਗੰਭੀਰ ਜ਼ਖ਼ਮੀ

ਅਹਿਮਦਗੜ੍ਹ, 27 ਜੁਲਾਈ 2026: ਲੁਧਿਆਣਾ-ਮਾਲੇਰਕੋਟਲਾ ਮੁੱਖ ਮਾਰਗ ‘ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪਤੀ-ਪਤਨੀ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਪੰਜ ਸਾਲਾ ਪੁੱਤਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਫਰਾਰ ਅਣਪਛਾਤੇ ਵਾਹਨ ਅਤੇ ਉਸ ਦੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਵਾਸੀ ਕੁੱਪ ਖੁਰਦ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਸੁਖਬੀਰ ਸਿੰਘ ਪੁੱਤਰ ਸੋਹਣ ਸਿੰਘ ਆਪਣੀ ਪਤਨੀ ਗਗਨਦੀਪ ਕੌਰ ਅਤੇ ਪੰਜ ਸਾਲਾ ਪੁੱਤਰ ਨਾਲ ਐਕਟਿਵਾ ਸਕੂਟਰ ‘ਤੇ ਪੋਹੀੜ ਵੱਲ ਦਵਾਈ ਲੈਣ ਲਈ ਜਾ ਰਿਹਾ ਸੀ। ਇਸ ਦੌਰਾਨ ਪਿੱਛੋਂ ਤੇਜ਼ ਰਫ਼ਤਾਰ ਨਾਲ ਆਏ ਇੱਕ ਅਣਪਛਾਤੇ ਵਾਹਨ ਨੇ ਸਕੂਟਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

ਟੱਕਰ ਇੰਨੀ ਭਿਆਨਕ ਸੀ ਕਿ ਸੁਖਬੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਜ਼ਖ਼ਮੀ ਹੋਈ ਗਗਨਦੀਪ ਕੌਰ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਦਮ ਤੋੜ ਦਿੱਤਾ। ਹਾਦਸੇ ਵਿੱਚ ਜ਼ਖ਼ਮੀ ਹੋਏ ਉਨ੍ਹਾਂ ਦੇ ਪੰਜ ਸਾਲਾ ਪੁੱਤਰ ਨੂੰ ਤੁਰੰਤ ਇਲਾਜ ਲਈ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਜਾਰੀ ਹੈ।

ਥਾਣਾ ਸਦਰ ਅਹਿਮਦਗੜ੍ਹ ਦੀ ਮੁਖੀ ਗੁਰਪ੍ਰੀਤ ਕੌਰ ਸਿੱਧੂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਵਾਲੇ ਸਥਾਨ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਟੱਕਰ ਮਾਰਨ ਵਾਲੇ ਵਾਹਨ ਅਤੇ ਉਸ ਦੇ ਚਾਲਕ ਦੀ ਪਛਾਣ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਸਬੂਤਾਂ ਦੇ ਆਧਾਰ ‘ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦਰਦਨਾਕ ਹਾਦਸੇ ਨੇ ਇੱਕ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਹੈ, ਜਦਕਿ ਮਾਸੂਮ ਬੱਚਾ ਹਸਪਤਾਲ ਵਿੱਚ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ।