ਚੰਡੀਗੜ੍ਹ: ਵਾਰਿਸ ਪੰਜਾਬ ਦੇ ਆਗੂਆਂ ਖ਼ਿਲਾਫ਼ FIR ਦਰਜ, ਪੁਲਿਸ ਨੇ ਹਿੰਸਾ ਅਤੇ ਸਰਕਾਰੀ ਡਿਊਟੀ ‘ਚ ਰੁਕਾਵਟ ਦੇ ਲਗਾਏ ਦੋਸ਼

Top Trending News ਚੰਡੀਗੜ੍ਹ ਪੰਜਾਬ

 

ਚੰਡੀਗੜ੍ਹ: ਵਾਰਿਸ ਪੰਜਾਬ ਦੇ ਆਗੂਆਂ ਖ਼ਿਲਾਫ਼ FIR ਦਰਜ, ਪੁਲਿਸ ਨੇ ਹਿੰਸਾ ਅਤੇ ਸਰਕਾਰੀ ਡਿਊਟੀ ‘ਚ ਰੁਕਾਵਟ ਦੇ ਲਗਾਏ ਦੋਸ਼

ਚੰਡੀਗੜ੍ਹ, 30 ਜੁਲਾਈ 2026- ਚੰਡੀਗੜ੍ਹ ਪੁਲਿਸ ਨੇ 29 ਜੁਲਾਈ ਨੂੰ ਸੈਕਟਰ 44/45/50/51 ਵਿਖੇ ਹੋਏ ਪ੍ਰਦਰਸ਼ਨ ਦੌਰਾਨ ਕਥਿਤ ਹਿੰਸਾ ਅਤੇ ਕਾਨੂੰਨ-ਵਿਵਸਥਾ ਭੰਗ ਕਰਨ ਦੇ ਮਾਮਲੇ ਵਿੱਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਸਮੇਤ 15 ਆਗੂਆਂ ਅਤੇ ਹੋਰ ਮੈਂਬਰਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਹ ਮਾਮਲਾ ਸੈਕਟਰ-49 ਥਾਣੇ ਵਿੱਚ ਭਾਰਤੀ ਨਿਆਂ ਸੰਹਿਤਾ (BNS), 2023 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ।

ਪੁਲਿਸ ਅਨੁਸਾਰ ਕਰੀਬ 2,500 ਤੋਂ 3,000 ਸਮਰਥਕ ਗੌਸ਼ਾਲਾ ਚੌਂਕ ‘ਤੇ ਇਕੱਠੇ ਹੋਏ ਅਤੇ ਸੜਕ ਜਾਮ ਕਰ ਦਿੱਤੀ, ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਪ੍ਰਦਰਸ਼ਨਕਾਰੀ ਅੰਮ੍ਰਿਤਪਾਲ ਸਿੰਘ ਅਤੇ ਹੋਰ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਅਤੇ ਪੋਸਟਰ ਲੈ ਕੇ ਪਹੁੰਚੇ ਸਨ।

ਸ਼ਿਕਾਇਤ ਮੁਤਾਬਕ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਦੱਸਿਆ ਕਿ ਇਲਾਕੇ ਵਿੱਚ ਬੀਐਨਐੱਸਐੱਸ ਦੀ ਧਾਰਾ 163 ਅਧੀਨ ਪਾਬੰਦੀਆਂ ਲਾਗੂ ਹਨ ਅਤੇ ਉਨ੍ਹਾਂ ਨੂੰ ਸੈਕਟਰ-25 ਰੈਲੀ ਗਰਾਊਂਡ ਵਿੱਚ ਮਨਜ਼ੂਰੀ ਲੈ ਕੇ ਧਰਨਾ ਦੇਣ ਲਈ ਕਿਹਾ ਗਿਆ ਸੀ। ਪੁਲਿਸ ਦਾ ਦੋਸ਼ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀਆਂ ਨੂੰ ਅਣਡਿੱਠਾ ਕਰਦਿਆਂ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਕੁਝ ਲੋਕ ਤਲਵਾਰਾਂ, ਕੁਹਾੜੀਆਂ, ਡੰਡਿਆਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਪੁਲਿਸ ਮੁਲਾਜ਼ਮਾਂ ‘ਤੇ ਹਮਲਾਵਰ ਹੋ ਗਏ।

ਪੁਲਿਸ ਨੇ ਦੱਸਿਆ ਕਿ ਹਾਲਾਤ ਕਾਬੂ ਕਰਨ ਲਈ ਡਿਊਟੀ ਮੈਜਿਸਟ੍ਰੇਟ ਦੀ ਮਨਜ਼ੂਰੀ ਤੋਂ ਬਾਅਦ ਹਲਕਾ ਬਲ ਅਤੇ ਵਾਟਰ ਕੈਨਨ ਦੀ ਵਰਤੋਂ ਕੀਤੀ ਗਈ। ਇਸ ਦੌਰਾਨ ਪੁਲਿਸ ਦੀ ਵਾਟਰ ਕੈਨਨ ਗੱਡੀ ਨੂੰ ਨੁਕਸਾਨ ਪਹੁੰਚਿਆ ਅਤੇ ਇਸ ਦੇ ਡਰਾਈਵਰ ਨਾਲ ਵੀ ਕੁੱਟਮਾਰ ਕੀਤੀ ਗਈ। ਸਹਾਇਕ ਸਬ-ਇੰਸਪੈਕਟਰ ਗੁਰਜੀਤ ਸਿੰਘ ਸਮੇਤ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ। ਮਾਮਲੇ ਦੀ ਜਾਂਚ ਸੈਕਟਰ-49 ਥਾਣੇ ਦੇ ਸਬ-ਇੰਸਪੈਕਟਰ ਭੁਪਿੰਦਰ ਸਿੰਘ ਨੂੰ ਸੌਂਪੀ ਗਈ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।