ਫਿਲੌਰ ਦੀ ਧੀ ਨਿਰਮਲ ਸਹਿਗਲ ਨੇ UK ‘ਚ ਰਚਿਆ ਇਤਿਹਾਸ, ਬਣੀ ਪੋਂਟੇਲੈਂਡ ਟਾਊਨ ਕੌਂਸਲ ਦੀ ਪਹਿਲੀ ਪੰਜਾਬੀ ਮੇਅਰ
ਜਲੰਧਰ/ਫਿਲੌਰ, 2 ਅਗਸਤ 2026
ਪੰਜਾਬ ਦੇ ਛੋਟੇ ਜਿਹੇ ਸ਼ਹਿਰ ਫਿਲੌਰ ਵਿੱਚ ਜੰਮੀ ਅਤੇ ਪਲੀ ਨਿਰਮਲ ਸਹਿਗਲ (77) ਨੇ ਵਿਦੇਸ਼ ਦੀ ਧਰਤੀ ਉੱਤੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੂੰ ਯੂਕੇ ਦੀ ਪੋਂਟੇਲੈਂਡ ਟਾਊਨ ਕੌਂਸਲ ਦੀ ਪਹਿਲੀ ਪੰਜਾਬੀ ਮੇਅਰ ਬਣਨ ਦਾ ਮਾਣ ਹਾਸਲ ਹੋਇਆ ਹੈ।
ਨਿਰਮਲ ਸਹਿਗਲ ਦੇ ਪਿਤਾ ਮਰਹੂਮ ਲਾਲਾ ਈਸ਼ਵਰ ਦਾਸ ਵਢੇਰਾ ਫਿਲੌਰ ਵਿੱਚ ਸਬ-ਰਜਿਸਟਰਾਰ ਸਨ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਸਰਕਾਰੀ ਗਰਲਜ਼ ਹਾਇਰ ਸੈਕੰਡਰੀ ਸਕੂਲ ਫਿਲੌਰ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਲੁਧਿਆਣਾ ਦੇ ਸਰਕਾਰੀ ਕਾਲਜ ਫਾਰ ਵਿਮੈਨ ਤੋਂ ਗ੍ਰੈਜੂਏਸ਼ਨ ਅਤੇ ਡੀਏਵੀ ਕਾਲਜ, ਜਲੰਧਰ ਤੋਂ ਅੰਗਰੇਜ਼ੀ ਵਿੱਚ ਐੱਮਏ ਦੀ ਡਿਗਰੀ ਪ੍ਰਾਪਤ ਕੀਤੀ।
ਮਾਰਚ 1969 ਵਿੱਚ ਉਹ ਆਪਣੇ ਪਤੀ ਪੁਰਸ਼ੋਤਮ ਡੀ. ਸਹਿਗਲ ਨਾਲ ਯੂਕੇ ਚਲੇ ਗਏ ਸਨ। ਸ਼ੁਰੂਆਤੀ ਸਮੇਂ ਵਿੱਚ ਉਨ੍ਹਾਂ ਨੇ ਲਾਇਬ੍ਰੇਰੀਅਨ ਵਜੋਂ ਸੇਵਾ ਨਿਭਾਈ ਅਤੇ ਬਾਅਦ ਵਿੱਚ ਸਮਾਜ ਸੇਵਾ ਨਾਲ ਜੁੜ ਗਏ।
ਉਨ੍ਹਾਂ ਨੇ ਖਾਸ ਕਰਕੇ ਪੰਜਾਬੀ ਪ੍ਰਵਾਸੀਆਂ ਨੂੰ ਸਰਕਾਰੀ ਕੰਮਾਂ, ਅਨੁਵਾਦ ਅਤੇ ਹਸਪਤਾਲ ਸੇਵਾਵਾਂ ਵਿੱਚ ਵੱਡੀ ਮਦਦ ਦਿੱਤੀ। 1980 ਵਿੱਚ ਪਰਿਵਾਰ ਵੱਲੋਂ ਲੀਮਿੰਗਟਨ ਪੋਸਟ ਆਫਿਸ ਦਾ ਪ੍ਰਬੰਧ ਸੰਭਾਲਣ ਤੋਂ ਬਾਅਦ ਵੀ ਉਨ੍ਹਾਂ ਦੀ ਸਮਾਜ ਸੇਵਾ ਨਿਰੰਤਰ ਜਾਰੀ ਰਹੀ। ਉਹ ਨਿਊਕੈਸਲ ਵਿੱਚ ਹਿੰਦੂ ਮੰਦਰ ਦੀ ਟਰੱਸਟੀ ਅਤੇ ਉਪ-ਪ੍ਰਧਾਨ ਵੀ ਰਹੇ ਹਨ ਅਤੇ ਪੰਜਾਬ ਵਿੱਚ ਹੜ੍ਹ ਰਾਹਤ ਲਈ 9,000 ਪੌਂਡ ਇਕੱਠੇ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।
ਪੰਜ ਸਾਲ ਪਹਿਲਾਂ ਕੌਂਸਲਰ ਵਜੋਂ ਚੁਣੀ ਗਈ ਨਿਰਮਲ ਸਹਿਗਲ ਪਿਛਲੇ ਸਾਲ ਬਿਨਾਂ ਵਿਰੋਧ ਦੁਬਾਰਾ ਕੌਂਸਲਰ ਬਣੀ ਸੀ। ਹੁਣ ਉਨ੍ਹਾਂ ਨੂੰ ਮੇਅਰ ਚੁਣੇ ਜਾਣ ‘ਤੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਉਹ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਮਰਹੂਮ ਪਤੀ ਦੇ ਸਹਿਯੋਗ ਅਤੇ ਉਤਸ਼ਾਹ ਨੂੰ ਦਿੰਦੀ ਹੈ।



