Rain Alert: ਪੰਜਾਬ ਵਿੱਚ 5 ਅਗਸਤ ਤੱਕ ਕਈ ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ, ਜਾਣੋ ਤਾਜ਼ਾ ਅਪਡੇਟ
ਚੰਡੀਗੜ੍ਹ, 2 ਅਗਸਤ 2026
ਪੰਜਾਬ ਵਿੱਚ ਮੌਸਮ ਇੱਕ ਵਿਰ ਫਿਰ ਬਦਲ ਗਿਆ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਮੌਸਮ ਦੀ ਤਾਜ਼ਾ ਅਪਡੇਟ ਜਾਰੀ ਕਰਦਿਆਂ ਸੂਬੇ ਵਿੱਚ 5 ਅਗਸਤ ਤੱਕ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਇਸ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਗਰਜ-ਤੂਫ਼ਾਨ ਦੇ ਨਾਲ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ, ਜਦੋਂ ਕਿ 6 ਅਗਸਤ ਤੋਂ ਬਾਰਿਸ਼ ਦੀ ਗਤੀਵਿਧੀ ਵਿੱਚ ਕਮੀ ਆਉਣ ਦੇ ਸੰਕੇਤ ਮਿਲ ਰਹੇ ਹਨ।
ਮੌਸਮ ਵਿਭਾਗ ਮੁਤਾਬਕ 3 ਅਗਸਤ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸਏਐਸ ਨਗਰ (ਮੁਹਾਲੀ), ਫਾਜ਼ਿਲਕਾ, ਮੁਕਤਸਰ ਅਤੇ ਬਠਿੰਡਾ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਇਲਾਕਿਆਂ ਵਿੱਚ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਭਾਰੀ ਮੀਂਹ ਦੇ ਨਾਲ-ਨਾਲ ਬੱਦਲ ਗਰਜਣ ਅਤੇ ਬਿਜਲੀ ਚਮਕਣ ਦੀ ਪੂਰੀ ਸੰਭਾਵਨਾ ਹੈ। ਇਸ ਤੋਂ ਇਲਾਵਾ ਸੂਬੇ ਦੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਵੀ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।
ਮੀਂਹ ਦਾ ਇਹ ਦੌਰ 4 ਅਗਸਤ ਨੂੰ ਵੀ ਜਾਰੀ ਰਹੇਗਾ। ਵਿਭਾਗ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਰੂਪਨਗਰ ਅਤੇ ਐਸਏਐਸ ਨਗਰ (ਮੁਹਾਲੀ) ਵਿੱਚ ਇਸ ਦਿਨ ਵੀ ਯੈਲੋ ਅਲਰਟ ਰਹੇਗਾ। ਇੱਥੇ ਭਾਰੀ ਬਾਰਿਸ਼ ਦੇ ਨਾਲ ਤੇਜ਼ ਹਵਾਵਾਂ ਅਤੇ ਬਿਜਲੀ ਚਮਕਣ ਦੇ ਆਸਾਰ ਹਨ।
ਆਉਣ ਵਾਲੀ 5 ਅਤੇ 6 ਅਗਸਤ ਨੂੰ ਬਾਰਿਸ਼ ਦੀ ਗਤੀਵਿਧੀ ਵਿੱਚ ਕਮੀ ਆਉਣੀ ਸ਼ੁਰੂ ਹੋ ਜਾਵੇਗੀ। ਇਸ ਤੋਂ ਬਾਅਦ ਮੌਸਮ ਮੁੜ ਖੁਸ਼ਕ (ਡਰਾਈ) ਹੋ ਜਾਵੇਗਾ, ਹਾਲਾਂਕਿ ਕੁਝ ਖਾਸ ਥਾਵਾਂ ‘ਤੇ ਹਲਕੀ ਬੁੰਦਾਬਾਂਦੀ ਦੇਖਣ ਨੂੰ ਮਿਲ ਸਕਦੀ ਹੈ। ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ।



