Breaking – ਕੋਲੰਬੀਆ ’ਚ 7.4 ਤੀਬਰਤਾ ਦੇ ਭੂਚਾਲ ਨਾਲ ਹਾਹਾਕਾਰ, 77 ਲੋਕਾਂ ਦੀ ਮੌਤ ਦੀ ਖ਼ਬਰ
ਬੋਗੋਟਾ, 11 ਅਗਸਤ 2026
ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਵਿੱਚ ਆਏ ਇੱਕ ਸ਼ਕਤੀਸ਼ਾਲੀ ਭੂਚਾਲ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ। 7.4 ਤੀਬਰਤਾ ਦੇ ਇਸ ਭੂਚਾਲ ਕਾਰਨ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ 77 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਕਈ ਥਾਵਾਂ ’ਤੇ ਲੋਕ ਆਪਣੇ ਘਰਾਂ ਅਤੇ ਇਮਾਰਤਾਂ ਤੋਂ ਬਾਹਰ ਨਿਕਲ ਆਏ।
ਭੂਚਾਲ ਦੇ ਝਟਕੇ ਕੋਲੰਬੀਆ ਦੀ ਰਾਜਧਾਨੀ ਬੋਗੋਟਾ ਤੋਂ ਇਲਾਵਾ ਗੁਆਂਢੀ ਦੇਸ਼ਾਂ ਵੈਨੇਜ਼ੁਏਲਾ ਅਤੇ ਇਕਵਾਡੋਰ ਤੱਕ ਵੀ ਮਹਿਸੂਸ ਕੀਤੇ ਗਏ। ਮਿਲੀ ਜਾਣਕਾਰੀ ਮੁਤਾਬਕ ਭੂਚਾਲ ਦਾ ਕੇਂਦਰ ਬੋਗੋਟਾ ਤੋਂ ਲਗਭਗ 400 ਕਿਲੋਮੀਟਰ ਪੱਛਮ ਵੱਲ ਸੈਨ ਹੋਜ਼ੇ ਡੇਲ ਪਾਲਮਰ ਦੇ ਨੇੜੇ ਦੱਸਿਆ ਗਿਆ ਹੈ।
ਕੋਲੰਬੀਆ ਦੀ ਨੈਸ਼ਨਲ ਯੂਨਿਟ ਫਾਰ ਡਿਜ਼ਾਸਟਰ ਰਿਸਕ ਮੈਨੇਜਮੈਂਟ ਨੇ ਭੂਚਾਲ ਦੀ ਤੀਬਰਤਾ 7 ਦੱਸੀ ਹੈ। ਅਧਿਕਾਰੀਆਂ ਮੁਤਾਬਕ ਭੂਚਾਲ ਕਰੀਬ 79 ਕਿਲੋਮੀਟਰ ਦੀ ਡੂੰਘਾਈ ’ਤੇ ਆਇਆ। ਇਸ ਤੋਂ ਬਾਅਦ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।
ਚੋਕੋ ਸੂਬੇ ਦੀ ਗਵਰਨਰ ਨੂਬੀਆ ਕੈਰੋਲੀਨਾ ਕੋਰਡੋਬਾ-ਕਿਊਰੀ ਨੇ ਦੱਸਿਆ ਕਿ ਸੂਬਾਈ ਰਾਜਧਾਨੀ ਕਿਬਡੋ ਵਿੱਚ ਕਈ ਲੋਕ ਜ਼ਖਮੀ ਹੋਏ ਹਨ ਅਤੇ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।



