ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਸਬੰਧੀ ਪੰਜਾਬ ਸਰਕਾਰ ਦਾ ਜਵਾਬ, Flood Protection ਬੰਨ੍ਹ ਸੁਰੱਖਿਅਤ

Top Trending News ਪੰਜਾਬ

 

ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਸਬੰਧੀ ਪੰਜਾਬ ਸਰਕਾਰ ਦਾ ਜਵਾਬ, Flood Protection ਬੰਨ੍ਹ ਸੁਰੱਖਿਅਤ

ਫ਼ਿਰੋਜ਼ਪੁਰ, 11 ਅਗਸਤ 2026

ਫ਼ਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਰਜਨੀਸ਼ ਕੁਮਾਰ ਦਹੀਆ ਵੱਲੋਂ ਵਿਧਾਨ ਸਭਾ ਵਿੱਚ ਲਿਆਂਦੇ ਧਿਆਨ ਦਿਵਾਊ ਨੋਟਿਸ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਫਿਰੋਜ਼ਪੁਰ ਦੇ ਕਸਬਾ ਮਮਦੋਟ ਇਲਾਕੇ ਦੇ ਹੜ੍ਹ ਸੁਰੱਖਿਆ ਪ੍ਰਬੰਧਾਂ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸਬ-ਤਹਿਸੀਲ ਮਮਦੋਟ ਅਧੀਨ ਆਉਂਦੇ ਪਿੰਡ ਦੋਨਾ ਤੇਲੂ ਮੱਲ, ਕਾਲੂ ਅਰਾਈਆਂ ਹਿਠਾੜ, ਫੱਤੇਵਾਲਾ ਹਿਠਾੜ, ਰੁਹੇਲਾ ਹਾਜ਼ੀ, ਗੰਧੂ ਕਿਲਚਾ ਹਿਠਾੜ ਅਤੇ ਨਿਹਾਲਾ ਕਿਲਚਾ ਸਤਲੁਜ ਦਰਿਆ ਦੇ ਖੱਬੇ ਕੰਢੇ ’ਤੇ ਸਥਿਤ ਹਨ।

ਮੰਤਰੀ ਨੇ ਸਪੱਸ਼ਟ ਕੀਤਾ ਕਿ ਗੰਧੂ ਕਿਲਚਾ ਹਿਠਾੜ ਅਤੇ ਦੋਨਾ ਤੇਲੂ ਮੱਲ ਦਰਿਆ ਦੇ ਬਿਲਕੁਲ ਕੰਢੇ ’ਤੇ ਹਨ, ਜਦਕਿ ਬਾਕੀ ਪਿੰਡ ਦਰਿਆ ਤੋਂ ਕੁਝ ਦੂਰੀ ’ਤੇ ਵਸੇ ਹੋਏ ਹਨ। ਸਟੱਡ ਨੰਬਰ 512 ਤੋਂ 520 ਸਬੰਧੀ ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਹੜ੍ਹ ਸੁਰੱਖਿਆ ਢਾਂਚਿਆਂ ਦੀ ਇਸ ਤਰ੍ਹਾਂ ਵੱਖਰੀ ਨੰਬਰਿੰਗ ਨਹੀਂ ਕੀਤੀ ਜਾਂਦੀ। ਇਨ੍ਹਾਂ ਕਾਰਜਾਂ ਦੀ ਪਛਾਣ ਅਤੇ ਨਿਗਰਾਨੀ ਹੜ੍ਹ ਸੁਰੱਖਿਆ ਬੰਨ੍ਹ ਦੇ ਆਰ.ਡੀ. ਸਿਸਟਮ ਰਾਹੀਂ ਕੀਤੀ ਜਾਂਦੀ ਹੈ।

ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਮਮਦੋਟ ਖੇਤਰ ਵਿੱਚ ਦਰਜ ਕੀਤੇ ਢਾਂਚੇ ਕਰੀਬ ਸਾਲ 1995 ਦੌਰਾਨ ਪਿੰਡ ਦੋਨਾ ਤੇਲੂ ਮੱਲ ਵਿਖੇ ਆਰ.ਡੀ. 12,410 ਤੋਂ ਆਰ.ਡੀ. 16,500 ਦਰਮਿਆਨ ਹੜ੍ਹ ਸੁਰੱਖਿਆ ਬੰਨ੍ਹ ਦੇ ਨਾਲ ਬਣਾਏ ਗਏ ਸਨ। ਪਿਛਲੇ ਹੜ੍ਹ ਸੀਜ਼ਨ ਦੌਰਾਨ ਪਾਣੀ ਦਾ ਪੱਧਰ ਵਧਣ ਅਤੇ ਇਲਾਕੇ ਦੇ ਡੁੱਬਣ ਕਾਰਨ ਬੰਨ੍ਹ ਦੇ ਬਰਮ ਨਾਲ ਲੱਗੇ ਦੋ ਸਪੱਰ ਅਤੇ ਅੱਠ ਸਟੱਡ ਨੁਕਸਾਨੇ ਗਏ ਸਨ। ਹਾਲਾਂਕਿ, ਮੰਤਰੀ ਨੇ ਕਿਹਾ ਕਿ ਹੜ੍ਹ ਸੁਰੱਖਿਆ ਬੰਨ੍ਹ ਪੂਰੀ ਤਰ੍ਹਾਂ ਸੁਰੱਖਿਅਤ ਰਿਹਾ ਅਤੇ ਇਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਿਆ।