ਜ਼ਹਿਰੀਲੀ ਦਵਾਈ ਨਿਗਲਣ ਵਾਲੇ ਤਿੰਨ ਨੌਜਵਾਨਾਂ ’ਚੋਂ ਦੂਜੇ ਦੀ ਵੀ ਮੌਤ, ਤੀਜੇ ਦੀ ਹਾਲਤ ਖ਼ਤਰੇ ਤੋਂ ਬਾਹਰ
ਨਵਾਂਸ਼ਹਿਰ 13 ਅਗਸਤ 2026
ਪਿੰਡ ਗੜ੍ਹਪਧਾਣਾ ਵਿੱਚ ਤਿੰਨ ਨੌਜਵਾਨਾਂ ਵੱਲੋਂ ਜ਼ਹਿਰੀਲੀ ਦਵਾਈ ਨਿਗਲਣ ਦੇ ਮਾਮਲੇ ਵਿੱਚ ਕੱਲ੍ਹ ਸ਼ਾਮ ਇਲਾਜ ਦੌਰਾਨ ਇਕ ਹੋਰ ਨੌਜਵਾਨ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਹੁਣ ਤੱਕ ਦੋ ਨੌਜਵਾਨਾਂ ਦੀ ਜਾਨ ਜਾ ਚੁੱਕੀ ਹੈ, ਜਦਕਿ ਤੀਜਾ ਨੌਜਵਾਨ ਮਨਿੰਦਰ ਸਿੰਘ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ, ਬੀਤੇ ਦਿਨ ਪਰਮਜੀਤ ਸਿੰਘ (15), ਪੁੱਤਰ ਦਵਿੰਦਰ ਸਿੰਘ, ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਕੱਲ੍ਹ ਸ਼ਾਮ ਦਿਲਪ੍ਰੀਤ ਸਿੰਘ (22), ਪੁੱਤਰ ਜਸਵੰਤ ਸਿੰਘ, ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਦਿਲਪ੍ਰੀਤ ਸਿੰਘ ਆਨਲਾਈਨ ਖੇਡਾਂ ਨਾਲ ਜੁੜੇ ਕਾਰੋਬਾਰ ਵਿੱਚ ਹੋਏ ਆਰਥਿਕ ਨੁਕਸਾਨ ਕਾਰਨ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ। ਇਸੇ ਦੌਰਾਨ ਉਸ ਨੇ ਬੀਤੇ ਦਿਨ ਆਪਣੇ ਦੋ ਦੋਸਤਾਂ ਨੂੰ ਘਰ ਬੁਲਾਇਆ। ਤਿੰਨਾਂ ਨੇ ਇਕੱਠਿਆਂ ਜ਼ਹਿਰੀਲੀਆਂ ਗੋਲੀਆਂ ਨਿਗਲ ਲਈਆਂ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਵਿਗੜ ਗਈ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਥਾਣਾ ਔੜ ਦੇ ਮੁਖੀ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੌਤਾਂ ਦੇ ਕਾਰਨਾਂ ਅਤੇ ਘਟਨਾ ਨਾਲ ਜੁੜੇ ਹੋਰ ਤੱਥਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਮ੍ਰਿਤਕ ਨੌਜਵਾਨਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ਾਂ ਵਾਰਸਾਂ ਦੇ ਹਵਾਲੇ ਕੀਤੀਆਂ ਜਾਣਗੀਆਂ।



