Punjab News: ਗ਼ਰੀਬ ਪਰਿਵਾਰ ਤੇ ਟੁੱਟਿਆ ਕਹਿਰ; ਮਕਾਨ ਦੀ ਛੱਤ ਡਿੱਗਣ ਕਾਰਨ 12 ਸਾਲਾ ਬੱਚਾ ਗੰਭੀਰ ਜ਼ਖ਼ਮੀ
ਸਠਿਆਲਾ (ਅੰਮ੍ਰਿਤਸਰ), 13 ਅਗਸਤ 2026: ਸਠਿਆਲਾ ਵਿਖੇ ਇਕ ਪਰਿਵਾਰ ’ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਉਨ੍ਹਾਂ ਦਾ ਮਕਾਨ ਅਚਾਨਕ ਢਹਿ ਗਿਆ। ਮਕਾਨ ਡਿੱਗਣ ਕਾਰਨ ਇਸ ਦੇ ਮਲਬੇ ਹੇਠ ਆਉਣ ਨਾਲ 12 ਸਾਲਾ ਬੱਚਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਪਰਿਵਾਰ ਅਤੇ ਆਸ-ਪਾਸ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਪਰਿਵਾਰਕ ਮੈਂਬਰਾਂ ਨੇ ਤੁਰੰਤ ਮਲਬੇ ਹੇਠ ਦੱਬੇ ਬੱਚੇ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਵਿਖੇ ਦਾਖਲ ਕਰਵਾਇਆ। ਜ਼ਖ਼ਮੀ ਬੱਚੇ ਦੀ ਪਛਾਣ ਜਸ਼ਨਦੀਪ ਸਿੰਘ ਵਜੋਂ ਹੋਈ ਹੈ। ਪਰਿਵਾਰ ਮੁਤਾਬਕ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਪਰਿਵਾਰ ਦੇ ਮੁਖੀ ਬੱਬੂ ਨੇ ਦੱਸਿਆ ਕਿ ਮਕਾਨ ਅਚਾਨਕ ਡਿੱਗਣ ਕਾਰਨ ਉਨ੍ਹਾਂ ਦਾ ਪੁੱਤਰ ਜਸ਼ਨਦੀਪ ਸਿੰਘ ਮਲਬੇ ਹੇਠ ਆ ਗਿਆ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਤੁਰੰਤ ਰਾਹਤ ਕਾਰਜ ਕਰਦਿਆਂ ਬੱਚੇ ਨੂੰ ਮਲਬੇ ਵਿਚੋਂ ਬਾਹਰ ਕੱਢਿਆ। ਹਾਦਸੇ ਦੇ ਕਾਰਨਾਂ ਬਾਰੇ ਅਜੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਘਟਨਾ ਨੇ ਇਲਾਕੇ ਦੇ ਲੋਕਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਪਰਿਵਾਰ ਵੱਲੋਂ ਬੱਚੇ ਦੀ ਜਲਦ ਸਿਹਤਯਾਬੀ ਲਈ ਦੁਆ ਕੀਤੀ ਜਾ ਰਹੀ ਹੈ।



