ਸਪੈਸ਼ਲ ਸਟੋਰੀ: ਸ਼ਹੀਦਾਂ ਸਾਹਿਬ ਮੇਨ ਚੌਂਕ ‘ਚ ਨਗਰ ਨਿਗਮ ਦੀ ਗੱਡੀ ਵੱਲੋਂ ਸੜਕ ’ਤੇ ਸੁੱਟਿਆ ਕੂੜਾ!
ਪਾਣੀ ਦੀ ਨਿਕਾਸੀ ਲਈ ਵੀ ਕੋਈ ਖਾਸ ਪ੍ਰਬੰਧ ਨਹੀਂ
ਅੰਮ੍ਰਿਤਸਰ, 13 ਅਗਸਤ 2026- ਸ਼ਹੀਦਾਂ ਸਾਹਿਬ ਮੇਨ ਚੌਂਕ ਵਿੱਚ ਨਗਰ ਨਿਗਮ ਦੀ ਲਾਪਰਵਾਹੀ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸੜਕ ਦੇ ਵਿਚਕਾਰ ਕੂੜੇ ਦਾ ਵੱਡਾ ਢੇਰ ਪਿਆ ਹੋਣ ਕਾਰਨ ਆਉਣ-ਜਾਣ ਵਾਲੀ ਸੰਗਤ, ਰਾਹਗੀਰਾਂ ਅਤੇ ਇਲਾਕਾ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਅਨੁਸਾਰ, ਨਗਰ ਨਿਗਮ ਦੀ ਕੂੜਾ ਚੁੱਕਣ ਵਾਲੀ ਗੱਡੀ ਵੱਲੋਂ ਕੂੜਾ ਇਕੱਠਾ ਕਰਕੇ ਲਿਜਾਇਆ ਜਾ ਰਿਹਾ ਸੀ। ਪਰ ਗੱਡੀ ਵਿੱਚ ਕੂੜਾ ਸਮਰੱਥਾ ਤੋਂ ਵੱਧ ਭਰ ਜਾਣ ਕਾਰਨ ਗੱਡੀ ਚਾਲਕ ਨੇ ਲਾਪਰਵਾਹੀ ਨਾਲ ਕੂੜੇ ਦਾ ਢੇਰ ਸ਼ਹੀਦਾਂ ਸਾਹਿਬ ਮੇਨ ਚੌਂਕ ਦੀ ਸੜਕ ਦੇ ਵਿਚਕਾਰ ਹੀ ਸੁੱਟ ਦਿੱਤਾ ਅਤੇ ਉਥੋਂ ਗੱਡੀ ਲੈ ਕੇ ਚਲਾ ਗਿਆ। ਇਸ ਕਾਰਨ ਸੜਕ ਦੇ ਵਿਚਕਾਰ ਕੂੜੇ ਦਾ ਵੱਡਾ ਢੇਰ ਬਣ ਗਿਆ ਅਤੇ ਲੋਕਾਂ ਨੂੰ ਆਉਣ-ਜਾਣ ਵਿੱਚ ਮੁਸ਼ਕਲ ਪੇਸ਼ ਆਈ।
ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਗਰ ਨਿਗਮ ਦੀ ਗੱਡੀ ਵਿੱਚ ਕੂੜਾ ਓਵਰਲੋਡ ਕਰਕੇ ਨਹੀਂ ਲੇ ਕੇ ਜਾਣਾ ਚਾਹੀਦਾ। ਸੜਕ ਦੇ ਵਿਚਕਾਰ ਕੂੜਾ ਸੁੱਟ ਕੇ ਚਲੇ ਜਾਣਾ ਨਾ ਸਿਰਫ਼ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਾ ਹੈ, ਸਗੋਂ ਆਮ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਲਈ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਸ਼ਹੀਦਾਂ ਸਾਹਿਬ ਵੱਲ ਆਉਣ-ਜਾਣ ਵਾਲੀ ਸੰਗਤ ਨੂੰ ਇਸ ਗੰਦਗੀ ਕਾਰਨ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਮੀਂਹ ਦਾ ਪਾਣੀ ਕੱਢਣ ਲਈ ਵੀ ਇੱਥੇ ਕੋਈ ਖਾਸ ਅਤੇ ਸੁਚੱਜਾ ਪ੍ਰਬੰਧ ਨਜ਼ਰ ਨਹੀਂ ਆਉਂਦਾ। ਪਾਣੀ ਦੀ ਨਿਕਾਸੀ ਠੀਕ ਨਾ ਹੋਣ ਕਾਰਨ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਬਣੀ ਰਹਿੰਦੀ ਹੈ।
ਸ਼ਹੀਦਾਂ ਸਾਹਿਬ ਮੇਨ ਚੌਂਕ ਵਿੱਚ ਨਿਯਮਤ ਸਫ਼ਾਈ ਯਕੀਨੀ ਬਣਾਈ ਜਾਵੇ ਅਤੇ ਪਾਣੀ ਦੀ ਨਿਕਾਸੀ ਲਈ ਪੱਕਾ ਪ੍ਰਬੰਧ ਕੀਤਾ ਜਾਵੇ। ਲੋਕਾਂ ਨੇ ਕਿਹਾ ਕਿ ਧਾਰਮਿਕ ਸਥਾਨ ਦੇ ਨੇੜੇ ਇਸ ਤਰ੍ਹਾਂ ਦੀ ਗੰਦਗੀ ਹੋਣਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਾ ਹੈ। ਨਗਰ ਨਿਗਮ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।



