ਚਮੋਲੀ ਸੁਰੰਗ ਹਾਦਸਾ: 7 ਮੌਤਾਂ, 10 ਦੀ ਹਾਲਤ ਨਾਜ਼ੁਕ; ਬਚਾਅ ਕਾਰਜ ਜਾਰੀ

Top Trending News ਰਾਸ਼ਟਰੀ

 

ਚਮੋਲੀ ਸੁਰੰਗ ਹਾਦਸਾ: 7 ਮੌਤਾਂ, 10 ਦੀ ਹਾਲਤ ਨਾਜ਼ੁਕ; ਬਚਾਅ ਕਾਰਜ ਜਾਰੀ

ਉੱਤਰਾਖੰਡ 14 ਅਗਸਤ 2026

ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਵਾਪਰੇ ਸੁਰੰਗ ਹਾਦਸੇ ਨੇ ਭਿਆਨਕ ਰੂਪ ਧਾਰ ਲਿਆ ਹੈ। ਹਾਦਸੇ ਵਿੱਚ ਹੁਣ ਤੱਕ 7 ਵਿਅਕਤੀਆਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 10 ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸੁਰੰਗ ਅੰਦਰ ਫਸੇ ਹੋਰ ਵਿਅਕਤੀਆਂ ਦੀ ਭਾਲ ਲਈ ਬਚਾਅ ਕਾਰਜ ਲਗਾਤਾਰ ਜਾਰੀ ਹਨ।

ਹਾਦਸੇ ਵਿੱਚ ਜ਼ਖ਼ਮੀ ਹੋਏ 10 ਵਿਅਕਤੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਗੋਪੇਸ਼ਵਰ ਅਤੇ ਪੀਪਲਕੋਟੀ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਜ਼ਖ਼ਮੀ ਨੂੰ ਇਲਾਜ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਬਾਕੀ ਜ਼ਖ਼ਮੀਆਂ ਦੀ ਹਾਲਤ ’ਤੇ ਡਾਕਟਰਾਂ ਵੱਲੋਂ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।

ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐੱਨਡੀਆਰਐੱਫ) ਦੇ ਸਹਾਇਕ ਕਮਾਂਡੈਂਟ ਆਲੋਕ ਜਾਇਰਾ ਨੇ ਦੱਸਿਆ ਕਿ ਸੁਰੰਗ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਅੱਜ ਵੀ ਬਚਾਅ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਮੁਤਾਬਕ, ਸੁਰੰਗ ਅੰਦਰ ਗਲੇ ਤੱਕ ਪਾਣੀ ਭਰ ਜਾਣ, ਦਲਦਲ ਅਤੇ ਗਾਦ ਦੀ ਮੌਜੂਦਗੀ ਕਾਰਨ ਬਚਾਅ ਕਾਰਜ ਬੇਹੱਦ ਮੁਸ਼ਕਲ ਬਣ ਗਏ ਸਨ।

ਇਸ ਤੋਂ ਇਲਾਵਾ ਸੁਰੰਗ ਅੰਦਰ ਆਕਸੀਜਨ ਦੀ ਘਾਟ ਕਾਰਨ ਬਚਾਅ ਟੀਮਾਂ ਨੂੰ ਰਾਤ ਸਮੇਂ ਮੁਹਿੰਮ ਰੋਕਣੀ ਪਈ। ਹੁਣ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਫਸੇ ਲੋਕਾਂ ਦੀ ਭਾਲ ਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਮੁਹਿੰਮ ਮੁੜ ਤੇਜ਼ ਕੀਤੀ ਜਾ ਰਹੀ ਹੈ।