1947 ਦਾ ਬਟਵਾਰਾ! PM ਮੋਦੀ ਨੇ ਵੰਡ ਦੇ ਪੀੜਤਾਂ ਨੂੰ ਕੀਤਾ ਯਾਦ, ਏਕਤਾ ਤੇ ਸਦਭਾਵਨਾ ਦਾ ਦਿੱਤਾ ਸੱਦਾ

Top Trending News ਦਿੱਲੀ ਰਾਸ਼ਟਰੀ

 

1947 ਦਾ ਬਟਵਾਰਾ! PM ਮੋਦੀ ਨੇ ਵੰਡ ਦੇ ਪੀੜਤਾਂ ਨੂੰ ਕੀਤਾ ਯਾਦ, ਏਕਤਾ ਤੇ ਸਦਭਾਵਨਾ ਦਾ ਦਿੱਤਾ ਸੱਦਾ

ਨਵੀਂ ਦਿੱਲੀ, 14 ਅਗਸਤ 2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਤੰਤਰਤਾ ਦਿਵਸ ਦੀ ਪੂਰਬ ਸੰਧਿਆ ਮੌਕੇ 1947 ਦੀ ਦੇਸ਼ ਵੰਡ ਦੌਰਾਨ ਜਾਨਾਂ ਗੁਆਉਣ ਵਾਲੇ ਅਤੇ ਉਜਾੜੇ ਦਾ ਦੁੱਖ ਝੱਲਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਵੰਡ ਭਾਰਤ ਦੇ ਇਤਿਹਾਸ ਦਾ ਉਹ ਦੁਖਦਾਈ ਅਧਿਆਇ ਹੈ, ਜਿਸ ਨੇ ਅਣਗਿਣਤ ਪਰਿਵਾਰਾਂ ਨੂੰ ਉਜਾੜ ਦਿੱਤਾ ਅਤੇ ਲੱਖਾਂ ਲੋਕਾਂ ਨੂੰ ਗਹਿਰੇ ਦੁੱਖ ਵਿੱਚ ਧੱਕ ਦਿੱਤਾ।

ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਸਮਾਜਿਕ ਮਾਧਿਅਮ ‘ਐਕਸ’ ’ਤੇ ਸੰਦੇਸ਼ ਸਾਂਝਾ ਕਰਦਿਆਂ ਕਿਹਾ ਕਿ 14 ਅਗਸਤ ਨੂੰ ‘ਵੰਡ ਵਿਭੀਸ਼ਕਾ ਸਮ੍ਰਿਤੀ ਦਿਵਸ’ ਵਜੋਂ ਮਨਾਉਂਦਿਆਂ ਉਨ੍ਹਾਂ ਸਾਰੇ ਲੋਕਾਂ ਨੂੰ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਵੰਡ ਦੀ ਤ੍ਰਾਸਦੀ ਦਾ ਸਾਹਮਣਾ ਕੀਤਾ। ਕੇਂਦਰ ਸਰਕਾਰ ਵੱਲੋਂ ਇਹ ਦਿਵਸ ਸਾਲ 2021 ਤੋਂ ਮਨਾਇਆ ਜਾ ਰਿਹਾ ਹੈ।

ਮੋਦੀ ਨੇ ਕਿਹਾ ਕਿ ਵੰਡ ਕਾਰਨ ਅਨੇਕਾਂ ਪਰਿਵਾਰ ਵਿਛੜ ਗਏ, ਲੋਕਾਂ ਨੇ ਆਪਣੇ ਪਿਆਰਿਆਂ ਨੂੰ ਗੁਆਇਆ ਅਤੇ ਬੇਹੱਦ ਕਠਿਨ ਹਾਲਾਤਾਂ ਵਿੱਚ ਜੀਵਨ ਬਤੀਤ ਕਰਨਾ ਪਿਆ। ਇਸ ਦੇ ਬਾਵਜੂਦ ਪੀੜਤ ਲੋਕਾਂ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੇ ਜੀਵਨ ਨੂੰ ਮੁੜ ਵਸਾਉਣ ਲਈ ਅਥਾਹ ਜਤਨ ਕੀਤੇ।

ਉਨ੍ਹਾਂ ਕਿਹਾ ਕਿ ਵੰਡ ਤੋਂ ਪ੍ਰਭਾਵਿਤ ਲੋਕਾਂ ਦੀ ਦ੍ਰਿੜਤਾ ਅਤੇ ਸੰਘਰਸ਼ ਮਨੁੱਖੀ ਹੌਸਲੇ ਦੀ ਮਿਸਾਲ ਹੈ। ਉਨ੍ਹਾਂ ਦੇ ਯੋਗਦਾਨ ਨੇ ਦੇਸ਼ ਦੇ ਨਿਰਮਾਣ ਅਤੇ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਸਦਭਾਵਨਾ, ਭਾਈਚਾਰੇ ਅਤੇ ਏਕਤਾ ਦੀ ਭਾਵਨਾ ਹੋਰ ਮਜ਼ਬੂਤ ਕਰਨ ਅਤੇ ਵਿਕਸਤ ਭਾਰਤ ਦੇ ਨਿਰਮਾਣ ਲਈ ਸਾਂਝੇ ਤੌਰ ’ਤੇ ਯਤਨ ਕਰਨ ਦਾ ਸੱਦਾ ਦਿੱਤਾ।