- ਪੱਤਰਕਾਰ ਮਨਿੰਦਰਜੀਤ ਸਿੱਧੂ ਖਿਲਾਫ ਇੱਕ ਹੋਰ ਪਰਚਾ ਦਰਜ ਕਰਨਾ ਪ੍ਰੈਸ ਦੀ ਸੰਘੀ ਘੁੱਟਣ ਦਾ ਯਤਨ: ਮਨਜੀਤ ਧਨੇਰ
- ਪ੍ਰੈੱਸ ਦੀ ਆਜ਼ਾਦੀ ਲਈ ਲੜਨ ਵਾਲੇ ਪੱਤਰਕਾਰਾਂ ਦਾ ਜਥੇਬੰਦੀ ਦੇਵੇਗੀ ਪੂਰਾ ਸਾਥ: ਹਰਨੇਕ ਮਹਿਮਾ
ਦਲਜੀਤ ਕੌਰ
ਬਰਨਾਲਾ, 20 ਅਗਸਤ, 2026: ਲੋਕ ਆਵਾਜ਼ ਟੀਵੀ ਦੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਉੱਪਰ ਖੁਦਕਸ਼ੀ ਲਈ ਉਕਸਾਉਣ ਦਾ ਪਰਚਾ ਦਰਜ ਕਰਨ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਤੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਸਮੇਂ ਤੋਂ ਹੀ ਪੱਤਰਕਾਰਾਂ ਅਤੇ ਸਿਆਸੀ ਵਿਰੋਧੀਆਂ ਦੀ ਆਵਾਜ਼ ਦਬਾਉਣ ਦਾ ਯਤਨ ਕਰ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਦੇ ਇਤਿਹਾਸਕ ਕਿਸਾਨ ਘੋਲ ਅਤੇ ਹੁਣ ਜੰਤਰ ਮੰਤਰ ਤੇ ਵਿਦਿਆਰਥੀਆਂ ਦੇ ਇਤਿਹਾਸਿਕ ਜੇਤੂ ਘੋਲ ਨੇ ਲੋਕਾਂ ਨੂੰ ਬੋਲਣ ਦੀ ਜਾਗ ਲਾਈ ਹੈ ਅਤੇ ਲੋਕ ਹੁਣ ਇਹਨਾਂ ਕੋਰਟ ਕੇਸਾਂ ਅਤੇ ਜੇਲ੍ਹਾਂ ਥਾਣਿਆਂ ਤੋਂ ਨਹੀਂ ਡਰਦੇ। ਇਸ ਲਈ ਪੰਜਾਬ ਸਰਕਾਰ ਨੂੰ ਪੱਤਰਕਾਰਾਂ ਖਿਲਾਫ ਕੇਸ ਦਰਜ ਕਰਕੇ ਜਾਂ ਹੱਕ ਮੰਗਦੇ ਲੋਕਾਂ ਤੇ ਜਬਰ ਕਰਕੇ ਉਹਨਾਂ ਦੀ ਆਵਾਜ਼ ਨੂੰ ਦਬਾਅ ਲੈਣ ਦਾ ਭਰਮ ਛੱਡ ਦੇਣਾ ਚਾਹੀਦਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੱਕ ਮੰਗਦੇ ਮਗਨਰੇਗਾ ਕਾਮਿਆਂ, ਮੁਲਾਜ਼ਮਾਂ, ਪੈਨਸ਼ਨਰਾਂ, 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬਰੇਰੀਅਨਾਂ, ਕੰਪਿਊਟਰ ਅਧਿਆਪਕਾਂ, ਅਪ੍ਰੈਟਿੰਸਸਿਪ ਲਾਈਨਮੈਨਾਂ, ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਅਤੇ ਕਿਸਾਨਾਂ ਤੇ ਜਬਰ ਕਰਕੇ ਦੇਖ ਲਿਆ ਹੈ, ਪਰ ਜਿੰਨਾ ਜਬਰ ਹੁੰਦਾ ਹੈ ਲੋਕ ਉਸ ਤੋਂ ਵੱਧ ਸ਼ਕਤੀ ਨਾਲ ਉਠਦੇ ਹਨ।
ਜਥੇਬੰਦੀ ਦੇ ਸੂਬਾ ਜਥੇਬੰਦਕ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ, ਖਜ਼ਾਨਚੀ ਗੁਰਦੇਵ ਸਿੰਘ ਮਾਂਗੇਵਾਲ ਅਤੇ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਨੇ ਮੰਗ ਕੀਤੀ ਕਿ ਇਹ ਝੂਠਾ ਪਰਚਾ ਰੱਦ ਕੀਤਾ ਜਾਵੇ। ਪੋਸਟਮਾਰਟਮ ਦੀ ਰਿਪੋਰਟ ਤੋਂ ਬਿਨਾਂ ਇਸ ਗੱਲ ਦਾ ਕੀ ਸਬੂਤ ਹੈ ਕਿ ਮਰਨ ਵਾਲੇ ਨੇ ਖੁਦਕਸ਼ੀ ਕੀਤੀ ਹੈ ਜਾਂ ਕੁਦਰਤੀ ਮੌਤ ਹੈ?
ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ, ਪ੍ਰੈਸ ਸਕੱਤਰ ਅੰਗਰੇਜ਼ ਸਿੰਘ ਭਦੌੜ, ਮੀਤ ਪ੍ਰਧਾਨ ਹਰੀਸ਼ ਨੱਢਾ ਅਤੇ ਸੂਬਾ ਕਮੇਟੀ ਮੈਂਬਰ ਕਰਮਜੀਤ ਸਿੰਘ ਰਾਮ ਨਗਰ ਛੰਨਾਂ ਨੇ ਕਿਹਾ ਕਿ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰਾਂ ਨੂੰ ਆਮ ਆਦਮੀ ਪਾਰਟੀ ਸਰਕਾਰ ਦੇ ਇਸ਼ਾਰਿਆਂ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਦੇ ਉਨ੍ਹਾਂ ਦੇ ਚੈਨਲ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਕਦੇ ਕੰਟੈਂਟ ਹਟਾਉਣ ਲਈ ਕਿਹਾ ਜਾਂਦਾ ਹੈ।
ਸੂਬਾ ਕਮੇਟੀ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਅਜਿਹੀਆਂ ਘਿਨਾਉਣੀਆਂ ਹਰਕਤਾਂ ਤੋਂ ਬਾਜ ਆਵੇ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਲੋਕਾਂ ਦੀ ਆਵਾਜ਼ ਬਣਨ ਵਾਲੀਆਂ ਇਨ੍ਹਾਂ ਕਲਮਾਂ ਦਾ ਪੂਰੀ ਦ੍ਰਿੜਤਾ ਨਾਲ ਸਾਥ ਦਿੱਤਾ ਜਾਵੇਗਾ।





