- ਸ਼੍ਰੋਮਣੀ ਅਕਾਲੀ ਦਲ ਵਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਵਿਸ਼ਾਲ ਸ਼ਹੀਦੀ ਕਾਨਫਰੰਸ
- ਹਰਸਿਮਰਤ ਕੌਰ ਬਾਦਲ, ਮਜੀਠੀਆ, ਧਾਮੀ, ਭੂੰਦੜ ਆਦਿ ਆਗੂਆਂ ਵਲੋਂ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ
ਸੰਗਰੂਰ/ਲੌਂਗੋਵਾਲ, 20 ਅਗਸਤ (ਦੇਸ਼ ਕਲਿੱਕ ਬਿਊਰੋ): ਸ਼੍ਰੋਮਣੀ ਅਕਾਲੀ ਦਲ ਵਲੋਂ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 41ਵੀਂ ਬਰਸੀ ਮੌਕੇ ਵਿਸ਼ਾਲ ਸ਼ਹੀਦੀ ਕਾਨਫਰੰਸ ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ਲੌਂਗੋਵਾਲ ਵਿਖੇ ਕੀਤੀ ਗਈ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਪਰਮਜੀਤ ਸਿੰਘ ਸਰਨਾ ਸਮੇਤ ਸਮੁੱਚੀ ਲੀਡਰਸ਼ਿਪ ਨੇ ਜਿਥੇ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਂਟ ਕੀਤੀ ਉਥੇ ਦਿੱਲੀ ਵਾਲਿਆਂ ਤੋਂ ਪੰਜਾਬ ਨੂੰ ਬਚਾਉਣ ਲਈ ਸੰਨ 2027 ਵਿਚ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ।
ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਦੋਂ ਵੀ ਸ੍ਰੋਮਣੀ ਅਕਾਲੀ ਦਲ ਅਮਨ ਸ਼ਾਂਤੀ ਦੀ ਰਾਹ ਤੇ ਚਲਦਾ ਹੈ ਤਾਂ ਉਸਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੰਤ ਲੌਗੋਵਾਲ ਨੇ ਪੰਜਾਬ ਦੀ ਅਮਨ ਸ਼ਾਂਤੀ ਲਈ ਸ਼ਹਾਦਤ ਦਿੱਤੀ ਅਤੇ ਉਹਨ੍ਹਾਂ ਉਪਰ ਹਮਲਾ ਗੁਰੂ ਘਰ ਵਿਚ ਹੋਇਆ ਸੀ। ਹੁਣ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪਰ ਦੋ ਵਾਰ ਹਮਲਾ ਗੁਰੂ ਘਰ ਵਿਖੇ ਹੋਇਆ। ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਹਮਲਿਆਂ ਤੋਂ ਘਬਰਾਏ ਨਹੀਂ। ਉਨ੍ਹਾਂ ਕਿਹਾ ਕਿ ਜਿੰਨ੍ਹੇ ਮਰਜ਼ੀ ਹਮਲੇ ਕਰ ਲਓ, ਜਦੋਂ ਬਾਜ਼ਾਂ ਵਾਲਾ ਸਾਡੇ ਨਾਲ ਹੈ ਤਾਂ ਕੋਈ ਕੁੱਝ ਨਹੀਂ ਵਿਗਾੜ ਸਕਦਾ।
ਪੰਜਾਬ ਸਰਕਾਰ ਤੇ ਵਰ੍ਹਦਿਆਂ ਬੀਬਾ ਬਾਦਲ ਨੇ ਕਿਹਾ ਕਿ ਹਾਲਾਤ ਅਜਿਹੇ ਬਣਾ ਦਿੱਤੇ ਗਏ ਹਨ ਕਿ ਗੁਰੂ ਘਰ ਵਿਚ ਵੀ ਸਿੱਖ ਸੁਰੱਖਿਅਤ ਨਹੀਂ। ਕਾਇਰ ਲੋਕ ਸਰਕਾਰਾਂ ਦੇ ਪਿੱਠੂ ਬਣ ਕੇ ਸਾਡੇ ਉਪਰ ਹਮਲੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਿੱਲੀ ਵਾਲਿਆਂ ਦਾ ਨਹੀਂ, ਪੰਜਾਬ ਪੰਜਾਬੀਆਂ ਦਾ ਹੈ। ਪੰਜਾਬ ਤੋਂ ਦਿੱਲੀ ਵਾਲਿਆਂ ਦਾ ਕਬਜ਼ਾ ਹਟਾਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਾਡੇ ਪਰਿਵਾਰ ਉਪਰ ਬੇਅਦਬੀ ਅਤੇ ਨਸ਼ਿਆਂ ਆਦਿ ਦੇ ਝੂਠੇ ਦੋਸ਼ ਲਗਾ ਕੇ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਸਾਡੇ ਪਰਿਵਾਰ ਦਾ ਕੋਈ ਮੈਂਬਰ ਨਸ਼ਾ ਵੇਚਦਾ ਹੈ ਤਾਂ ਸਰਕਾਰ ਤੁਹਾਡੀ ਹੈ, ਫੜ੍ਹਨ ਤੋਂ ਕਿਸ ਨੇ ਰੋਕਿਆ ਹੈ।
ਕਾਂਗਰਸੀ ਆਗੂ ਸੱਜਣ ਸਿੰਘ ਦੀ ਮੌਤ ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੱਜਣ ਸਿੰਘ ਦਾ ਨਾਮ ਸਿੱਖ ਇਤਿਹਾਸ ਦੇ ਕਾਲੇ ਅੱਖਰਾਂ ਵਿਚ ਲਿਖਿਆ ਜਾਵੇਗਾ। ਇਸਦੀ ਮੌਤ ਫਾਂਸ਼ੀ ਨਾਲ ਹੋਣੀ ਚਾਹੀਦੀ ਸੀ।
ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਹਿਲੀ ਵਾਰ ਵੇਖਿਆ ਹੈ ਕਿ ਸਰਕਾਰ ਨੂੰ ਬਰਸੀ ਸਮਾਗਮ ਵਾਸਤੇ ਪੁਨਰ ਸੁਰਜੀਤ ਵਾਲਿਆਂ ਦੀ ਏਨੀ ਫ਼ਿਕਰ ਕਿਉਂ ਪੈ ਗਈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਅਨਾਜ਼ ਮੰਡੀ ਵਿਚ ਬਰਸੀ ਸਮਾਗਮ ਦੀ ਪ੍ਰਵਾਨਗੀ ਦੇ ਕੇ ਬਾਅਦ ਵਿਚ ਰੱਦ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚੱਲ ਰਹੀ ਹੈ। ਏਨਾ ਨੂੰ ਫ਼ਿਕਰ ਹੈ ਕਿ ਜੇਕਰ ਸ੍ਰੋਮਣੀ ਅਕਾਲੀ ਦਲ ਸਫ਼ਲ ਹੋ ਗਿਆ ਤਾਂ ਤਰੀ ਵਾਲੇ ਬੈਂਗਣ ਖਾਣੇ ਪੈ ਜਾਣਗੇ। ਮੰਚ ਤੇ ਈ.ਡੀ ਦੀ ਚਿੱਠੀ ਵਿਖਾਉਂਦਿਆਂ ਮਜੀਠੀਆ ਨੇ ਕਿਹਾ ਕਿ ਇਸ ਚਿੱਠੀ ਵਿਚ ਸਭ ਕੁੱਝ ਸਪੱਸ਼ਟ ਹੈ। ਉਸ ਉਪਰ ਮਾਣਹਾਨੀ ਦਾ ਕੇਸ ਕਰਨ ਦੀ ਧਮਕੀਆਂ ਦੇਣ ਵਾਲੇ ਚਿੱਠੀ ਪੜ੍ਹ ਲੈਣ।
ਉਨ੍ਹਾਂ ਕਿਹਾ ਕਿ ਉਹ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ।ਤਕੜੇ ਹੋ ਕੇ ਮਾਣਹਾਨੀ ਦਾ ਕੇਸ ਕਰੋ। ਉਨ੍ਹਾਂ ਕਿਹਾ ਕਿ ਉਹ ਤੁਰੀ ਫ਼ਿਰਦੀ 7/51 ਹੈ। ਉਸਦੇ ਖਿਲਾਫ਼ ਨਸ਼ਾ ਵਾਲਾ ਐਕਟ, ਵਿਜੀਲੈਂਸ ਕੇਸ, ਅਸਲਾ ਐਕਟ ਆਦਿ ਐਕਟਾਂ ਤਹਿਤ ਕੇਸ ਹੋ ਚੁੱਕੇ ਹਨ। ਹੁਣ ਤਾਂ ਐਕਟ ਵੀ ਮੁੱਕ ਗਏ ਹੋਣੇ ਹਨ। ਮਾੜੇ ਮੋਟੇ ਕੇਸ ਨੂੰ ਉਹ ਕੁੱਝ ਨਹੀਂ ਸਮਝਦੇ। ਉਨ੍ਹਾਂ ਕਿਹਾ ਕਿ ਸਵੇਰੇ-ਦੁਪਹਿਰੇ ਅਤੇ ਸ਼ਾਮ ਨੂੰ ਇਹਨ੍ਹਾਂ ਨੂੰ ਮਜੀਠੀਆ ਹੀ ਨਜ਼ਰ ਆਉਂਦਾ ਹੈ।
ਇਸ ਮੌਕੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਬਲਵਿੰਦਰ ਸਿੰਘ ਭੂੰਦੜ, ਪਰਮਜੀਤ ਸਿੰਘ ਸਰਨਾ, ਡਾ. ਦਲਜੀਤ ਸਿੰਘ ਚੀਮਾਂ, ਸਿਕੰਦਰ ਸਿੰਘ ਮਲੂਕਾ, ਹੀਰਾ ਸਿੰਘ ਗਾਬੜੀਆਂ, ਮਹੇਸ਼ਇੰਦਰ ਸਿੰਘ ਗਰੇਵਾਲ, ਅਰਸ਼ਦੀਪ ਸਿੰਘ ਕਲੇਰ, ਅਰਵਿੰਦ ਖੰਨਾ, ਵਿਨਰਜੀਤ ਸਿੰਘ ਗੋਲਡੀ ਤੋਂ ਇਲਾਵਾ ਵੱਖ-ਵੱਖ ਆਗੂਆਂ ਨੇ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਂਟ ਕੀਤੀ। ਮੰਚ ਸੰਚਾਲਨ ਦੀ ਜਿੰਮੇਵਾਰੀ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਵਲੋਂ ਨਿਭਾਈ ਗਈ।





