ਵੱਡੀ ਖ਼ਬਰ: ਜ਼ੀਰਕਪੁਰ ’ਚ ਪਤੀ-ਪਤਨੀ ਨੇ ਨਿਗਲੀ ਸਲਫਾਸ! ਪਤਨੀ ਦੀ ਮੌਤ- ਪਤੀ ਦੀ ਹਾਲਤ ਗੰਭੀਰ

Top Trending News ਪੰਜਾਬ

 

ਵੱਡੀ ਖ਼ਬਰ: ਜ਼ੀਰਕਪੁਰ ’ਚ ਪਤੀ-ਪਤਨੀ ਨੇ ਨਿਗਲੀ ਸਲਫਾਸ! ਪਤਨੀ ਦੀ ਮੌਤ- ਪਤੀ ਦੀ ਹਾਲਤ ਗੰਭੀਰ

ਜ਼ੀਰਕਪੁਰ (ਮੁਹਾਲੀ), 22 ਅਗਸਤ 2026: ਜ਼ੀਰਕਪੁਰ-ਪਟਿਆਲਾ ਮੁੱਖ ਮਾਰਗ ’ਤੇ ਸਥਿਤ ਇੱਕ ਪੀ.ਜੀ. ਵਿੱਚ ਰਹਿ ਰਹੇ ਪਤੀ-ਪਤਨੀ ਨੇ ਕਥਿਤ ਤੌਰ ’ਤੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਘਟਨਾ ਬੀਤੀ ਦੇਰ ਰਾਤ ਦੀ ਦੱਸੀ ਜਾ ਰਹੀ ਹੈ।

ਪੀ.ਜੀ. ਮਾਲਕ ਵੱਲੋਂ ਦੋਵਾਂ ਨੂੰ ਗੰਭੀਰ ਹਾਲਤ ਵਿੱਚ ਪੀ.ਜੀ.ਆਈ. ਚੰਡੀਗੜ੍ਹ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਪਤਨੀ ਦੀ ਮੌਤ ਹੋ ਗਈ, ਜਦੋਂਕਿ ਪਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾ ਦੀ ਪਛਾਣ ਗਗਨਦੀਪ ਕੌਰ ਵਜੋਂ ਹੋਈ ਹੈ, ਜਦੋਂਕਿ ਪਤੀ ਦਾ ਨਾਮ ਹਾਕਮ ਸਿੰਘ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਮੌਕੇ ਤੋਂ ਇੱਕ ਕਥਿਤ ਸੁਸਾਈਡ ਨੋਟ ਵੀ ਮਿਲਿਆ ਹੈ। ਇਸ ਵਿੱਚ ਜੋੜੇ ਵੱਲੋਂ ਇੱਕ ਏਜੰਟ ’ਤੇ ਵਿਦੇਸ਼ ਭੇਜਣ ਦਾ ਭਰੋਸਾ ਦੇ ਕੇ ਕਰੀਬ 36 ਲੱਖ ਰੁਪਏ ਦੀ ਕਥਿਤ ਧੋਖਾਧੜੀ ਕਰਨ ਦੇ ਦੋਸ਼ ਲਗਾਏ ਗਏ ਹਨ।

ਪੁਲਿਸ ਵੱਲੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਸੁਸਾਈਡ ਨੋਟ ਵਿੱਚ ਲਗਾਏ ਗਏ ਦੋਸ਼ਾਂ, ਪੈਸਿਆਂ ਦੇ ਲੈਣ-ਦੇਣ ਅਤੇ ਕਥਿਤ ਏਜੰਟ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਮਾਮਲੇ ਦੀ ਪੂਰੀ ਸਥਿਤੀ ਸਪੱਸ਼ਟ ਹੋਵੇਗੀ।