- ਮਨਿਸਟਰੀਅਲ ਕਾਮਿਆਂ ਦੀ ਹੜਤਾਲ ਦੂਸਰੇ ਹਫ਼ਤੇ ਵਿੱਚ ਦਾਖਲ
- 26 ਤੱਕ ਕਲਮਛੋੜ ਹੜਤਾਲ ਅਤੇ 27 ਨੂੰ ਮਹਾਂਬੰਦ
ਸ਼੍ਰੀ ਮੁਕਤਸਰ ਸਾਹਿਬ, 24 ਅਗਸਤ (ਦੇਸ਼ ਕਲਿੱਕ ਬਿਊਰੋ) – ਪੰਜਾਬ ਰਾਜ ਮਨਿਸਟਰੀਲ ਸਰਵਿਸਜ਼ ਯੂਨੀਅਨ ਵੱਲੋਂ ਕੀਤੀ ਜਾ ਰਹੀ ਕਲਮਛੋੜ ਹੜਤਾਲ ਦੂਸਰੇ ਹਫ਼ਤੇ ਵਿੱਚ ਦਾਖਲ ਹੋ ਚੁੱਕੀ ਹੈ, ਜਿਸਦੇ ਚਲਦਿਆਂ ਸੋਮਵਾਰ ਵਾਲੇ ਦਿਨ ਜਿੱਥੇ ਦਫ਼ਤਰਾਂ ਵਿੱਚ ਚਹਿਲ ਪਹਿਲ ਰਹਿੰਦੀ ਹੈ, ਉਸਦੇ ਉਲਟ ਦਫ਼ਤਰਾਂ ਵਿੱਚ ਬਿਲਕੁਲ ਸੰਨਾਟਾ ਛਾਇਆ ਰਿਹਾ, ਪ੍ਰੰਤੂ ਹੜਤਾਲ ਇੱਕ ਹਫ਼ਤੇ ਤੋਂ ਵੀ ਜ਼ਿਆਦਾ ਸਮਾਂ ਲਗਾਤਾਰ ਚੱਲਣ ਦੇ ਬਾਵਜੂਦ ਸਰਕਾਰ ਦੇ ਕੰਨ ਤੇ ਜੂੰਅ ਨਹੀਂ ਸਰਕ ਰਹੀ, ਜਿਸਦਾ ਸਮੂਹ ਕਰਮਚਾਰੀ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਹ ਜਾਣਕਾਰੀ ਪੀ.ਐਸ.ਐਮ.ਐਸ.ਯੂ. ਦੇ ਜਿਲ੍ਹਾ ਪ੍ਰਧਾਨ ਖੁਸ਼ਕਰਨ ਸਿੰਘ, ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਅਤੇ ਡੀ.ਸੀ. ਦਫ਼ਤਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।
ਉਨ੍ਹਾਂ ਦੱਸਿਆ ਸਰਕਾਰ ਵੱਲੋਂ ਅਜੇ ਤੱਕ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਕੋਈ ਗੰਭੀਰਤਾ ਨਹੀਂ ਦਿਖਾਈ ਗਈ, ਜਿਸ ਕਾਰਨ ਐਤਵਾਰ ਵਾਲੇ ਦਿਨ ਸੂਬਾ ਬਾਡੀ ਵੱਲੋਂ ਵਰਚੂਅਲ ਮੀਟਿੰਗ ਕਰਕੇ ਵੱਖ-ਵੱਖ ਜਿਲ੍ਹਿਆਂ ਦੇ ਵਿਚਾਰ ਲਏ ਗਏ ਅਤੇ ਵਿਚਾਰਾਂ ਉਪਰੰਤ ਇਸ ਹੜਤਾਲ ਨੂੰ 26 ਅਗਸਤ ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ ਜਦਕਿ 27 ਅਗਸਤ ਨੂੰ ਸਮੂਹ ਕਰਮਚਾਰੀ ਸਮੂਹਿਕ ਛੁੱਟੀ ਲੈ ਕੇ ਦਫ਼ਤਰ ਬੰਦ ਰੱਖਣਗੇ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਫੈਸਲੇ ਅਨੁਸਾਰ ਅੱਜ ਵੱਖ ਵੱਖ ਦਫ਼ਤਰਾਂ ਵਿੱਚ ਜਾ ਕੇ ਕਰਮਚਾਰੀਆਂ ਨੂੰ 27 ਦੇ ਐਕਸ਼ਨ ਪ੍ਰਤੀ ਜਾਗਰੂਕ ਕੀਤਾ ਗਿਆ।
ਇਸ ਤੋਂ ਇਲਾਵਾ 25 ਅਗਸਤ ਨੂੰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਪੁਤਲੇ ਫੂਕੇ ਜਾਣਗੇ, ਕਿਉਂਕਿ ਅਰਵਿੰਦ ਕੇਜਰੀਵਾਲ ਚੋਣਾਂ ਤੋਂ ਪਹਿਲਾਂ ਹਰੇਕ ਮੰਚ ਤੇ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਵਾਅਦਾ ਕਰਦਾ ਸੀ ਪ੍ਰੰਤੂ ਸਰਕਾਰ ਬਣਨ ਤੋਂ 4 ਸਾਲ ਬਾਅਦ ਤੱਕ ਅਜੇ ਤੱਕ ਆਮ ਆਦਮੀ ਪਾਰਟੀ ਵੱਲੋਂ ਕਰਮਚਾਰੀਆਂ ਨਾਲ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੇ ਹੁਣ ਆਰ ਪਾਰ ਦੀ ਲੜਾਈ ਦਾ ਮਨ ਬਣਾ ਲਿਆ ਹੈ ਅਤੇ ਹੁਣ ਮੁਲਾਜ਼ਮ ਆਪਣੀਆਂ ਮੰਗਾਂ ਦੀ ਪੂਰਤੀ ਤੋਂ ਬਿਨਾਂ ਵਾਪਸ ਨਹੀਂ ਮੁੜਨਗੇ।
ਆਗੂਆਂ ਨੇ ਕਿਹਾ ਕਿ ਇਹ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਨੂੰ ਏਨਾ ਜ਼ਿਆਦਾ ਸਮਾਂ ਲੰਬਿਤ ਰੱਖਿਆ ਹੈ ਜਦਕਿ ਮਹਿੰਗਾਈ ਦੀ ਦਰ ਦਿਨ ਪ੍ਰਤੀਦਿਨ ਵਧ ਰਹੀ ਹੈ। ਇੱਥੋਂ ਤੱਕ ਕਿ ਸਰਕਾਰ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਵੀ ਬਿਲਕੁਲ ਪ੍ਰਵਾਹ ਕਰਦੀ ਨਜ਼ਰ ਨਹੀਂ ਆ ਰਹੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਐਸੋਸੀਏਸ਼ਨ ਤੋਂ ਕਰਮਜੀਤ ਸ਼ਰਮਾ, ਰਾਕੇਸ਼ ਕੁਮਾਰ ਸੁਪਰਡੰਟ, ਗੁਰਮੀਤ ਪਾਲ ਰੀਡਰ, ਰੁਪਿੰਦਰ ਬਾਠ, ਹਰਬੰਸ ਸਿੰਘ, ਰਣਜੀਤ ਸਿੰਘ, ਬਲਰਾਜ, ਦੀਪਕ ਕੁਮਾਰ, ਜਸਵੀਰ ਕੌਰ ਆਦਿ ਵੱਡੀ ਗਿਣਤੀ ਵਿੱਚ ਕਰਮਚਾਰੀ ਮੌਜੂਦ ਸਨ।





