Weather Alert: ਪੰਜਾਬ ਦੇ 5 ਜ਼ਿਲ੍ਹਿਆਂ ‘ਚ ਮੀਂਹ ਪੈਣ ਦੀ ਸੰਭਾਵਨਾ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
ਚੰਡੀਗੜ੍ਹ, 28 ਅਗਸਤ 2026:
ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਦੀ ਸਰਗਰਮੀ ਘਟਣ ਕਾਰਨ ਗਰਮੀ ਅਤੇ ਹੁੰਮਸ ਵਿੱਚ ਵਾਧਾ ਹੋਇਆ ਹੈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਮੁਤਾਬਕ ਅੱਜ ਪੰਜਾਬ ਦੇ ਪੰਜ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਅਤੇ ਰੂਪਨਗਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਹਾਲਾਂਕਿ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਸੂਚਨਾ ਮੁਤਾਬਕ ਚੰਡੀਗੜ੍ਹ ਵਿੱਚ ਬੱਦਲਵਾਈ ਰਹੇਗੀ ਅਤੇ ਇੱਕ-ਦੋ ਵਾਰ ਮੀਂਹ ਜਾਂ ਗਰਜ ਨਾਲ ਛਿੱਟੇ ਪੈ ਸਕਦੇ ਹਨ।
ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ ਕਰੀਬ ਇੱਕ ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਤਾਪਮਾਨ ਆਮ ਨਾਲੋਂ 2.8 ਡਿਗਰੀ ਵੱਧ ਰਿਹਾ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਗੁਰਦਾਸਪੁਰ ਵਿੱਚ 39.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪਿਛਲੇ ਦਿਨ ਚੰਡੀਗੜ੍ਹ ਵਿੱਚ ਦੋ ਵਾਰ ਮੀਂਹ ਵਰਗਾ ਮੌਸਮ ਬਣਿਆ ਅਤੇ ਕਈ ਥਾਵਾਂ ’ਤੇ ਬੂੰਦਾਬਾਂਦੀ ਵੀ ਹੋਈ, ਪਰ ਅਧਿਕਾਰਤ ਤੌਰ ’ਤੇ ਮੀਂਹ ਦਰਜ ਨਹੀਂ ਹੋ ਸਕਿਆ। ਇਸ ਦੌਰਾਨ ਰੂਪਨਗਰ ਵਿੱਚ 3.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦਕਿ ਸੂਬੇ ਦੇ ਹੋਰ ਮੌਸਮ ਕੇਂਦਰਾਂ ’ਤੇ ਮੀਂਹ ਨਹੀਂ ਪਿਆ।
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 33.3 ਤੋਂ 39.9 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ।






