Mohali ‘ਚ ਜਨਮ ਦਿਨ ਦੀ ਪਾਰਟੀ ਦੌਰਾਨ ਚੱਲੀਆਂ ਗੋਲੀਆਂ, ਨੌਜਵਾਨ ਜ਼ਖ਼ਮੀ

Top Trending News ਪੰਜਾਬ

 

Mohali ‘ਚ ਜਨਮ ਦਿਨ ਦੀ ਪਾਰਟੀ ਦੌਰਾਨ ਚੱਲੀਆਂ ਗੋਲੀਆਂ, ਨੌਜਵਾਨ ਜ਼ਖ਼ਮੀ

ਐੱਸ. ਏ. ਐੱਸ. ਨਗਰ, 31 ਅਗਸਤ 2026: ਪਿੰਡ ਮੁਹਾਲੀ ਦੇ ਨੇੜੇ ਬੀਤੀ ਦੇਰ ਰਾਤ ਜਨਮ ਦਿਨ ਮਨਾ ਰਹੇ ਕੁਝ ਨੌਜਵਾਨਾਂ ਨਾਲ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਗੱਲਬਾਤ ਦੌਰਾਨ ਮਾਮਲਾ ਅਚਾਨਕ ਤਕਰਾਰ ਵਿੱਚ ਬਦਲ ਗਿਆ ਅਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ਵਿੱਚ ਸਲਮਾਨ ਨਾਮਕ ਨੌਜਵਾਨ ਦੀ ਬਾਂਹ ਵਿੱਚ ਗੋਲੀ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।

ਘਟਨਾ ਤੋਂ ਬਾਅਦ ਚਾਰੋਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਸਾਥੀਆਂ ਨੇ ਤੁਰੰਤ ਜ਼ਖ਼ਮੀ ਸਲਮਾਨ ਨੂੰ ਫੇਜ਼-6 ਸਥਿਤ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਫਾਇਰਿੰਗ ਦੀ ਸੂਚਨਾ ਮਿਲਦੇ ਹੀ ਥਾਣਾ ਫੇਜ਼-1 ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਹਮਲਾਵਰਾਂ ਵੱਲੋਂ ਕਰੀਬ ਚਾਰ ਤੋਂ ਪੰਜ ਰਾਊਂਡ ਫਾਇਰ ਕੀਤੇ ਗਏ।

ਪੁਲਿਸ ਅਨੁਸਾਰ ਫਾਇਰਿੰਗ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਹਮਲਾਵਰਾਂ ਦੀ ਪਛਾਣ ਕਰਨ ਦੇ ਨਾਲ-ਨਾਲ ਘਟਨਾ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮੌਕੇ ਤੋਂ ਮਿਲੇ ਸਬੂਤਾਂ ਅਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।