PU ਵਿਦਿਆਰਥੀ ਕੌਂਸਲ ਚੋਣਾਂ ਲਈ ਅੱਜ ਪੈਣਗੀਆਂ ਵੋਟਾਂ, ਪ੍ਰਧਾਨਗੀ ਲਈ ਚਾਰ ਉਮੀਦਵਾਰਾਂ ਵਿਚਾਲੇ ਮੁਕਾਬਲਾ
ਚੰਡੀਗੜ੍ਹ, 31 ਅਗਸਤ 2026
ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੀਆਂ ਚੋਣਾਂ ਲਈ ਅੱਜ ਵੋਟਾਂ ਪੈਣਗੀਆਂ। ਵਿਦਿਆਰਥੀ ਰਾਜਨੀਤੀ ਦੀ ਸਭ ਤੋਂ ਅਹਿਮ ਮੰਨੀ ਜਾਣ ਵਾਲੀ ਪ੍ਰਧਾਨ ਦੀ ਕੁਰਸੀ ਲਈ ਚਾਰ ਉਮੀਦਵਾਰਾਂ ਵਿਚਾਲੇ ਸਿੱਧਾ ਮੁਕਾਬਲਾ ਹੈ। ਏਐੱਸਏਪੀ (ASAP) ਦੇ ਆਦਿਲ ਬਰਾੜ, ਏਬੀਵੀਪੀ ਦੇ ਅੰਕਿਤ ਬਿਢਾਨ, ਸੱਥ ਦੇ ਦਰਸ਼ਪ੍ਰੀਤ ਸਿੰਘ ਅਤੇ ਐਨਐਸਯੂਆਈ ਦੇ ਗੁਰਮਨ ਸਿੰਘ ਸਿੱਧੂ ਚੋਣ ਮੈਦਾਨ ਵਿੱਚ ਹਨ। ਕੈਂਪਸ ਦੇ ਕੁੱਲ 16,468 ਵਿਦਿਆਰਥੀ ਵੋਟਰ ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
ਚੋਣ ਪ੍ਰਚਾਰ ਐਤਵਾਰ ਨੂੰ ਖ਼ਤਮ ਹੋਣ ਤੋਂ ਪਹਿਲਾਂ ਸਾਰੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਸੋਸ਼ਲ ਮੀਡੀਆ, ਵਿਭਾਗਾਂ ਅਤੇ ਹੋਸਟਲਾਂ ਵਿੱਚ ਵਿਦਿਆਰਥੀਆਂ ਨਾਲ ਸੰਪਰਕ ਕਰਕੇ ਆਖਰੀ ਜ਼ੋਰ ਲਾਇਆ। ਪ੍ਰਚਾਰ ਬੰਦ ਹੋਣ ਤੋਂ ਬਾਅਦ ਵੀ ਉਮੀਦਵਾਰਾਂ ਦੇ ਸਮਰਥਕ ਨਿੱਜੀ ਸੰਪਰਕ ਰਾਹੀਂ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਵਿੱਚ ਜੁਟੇ ਰਹੇ।
ਚਾਰ ਉਮੀਦਵਾਰਾਂ ਵਿਚਾਲੇ ਸਖ਼ਤ ਮੁਕਾਬਲਾ
ASAP ਦੇ ਆਦਿਲ ਬਰਾੜ ਦੇ ਸਮਰਥਕਾਂ ਨੇ ਹੋਸਟਲਾਂ ਅਤੇ ਵੱਖ-ਵੱਖ ਵਿਭਾਗਾਂ ਵਿੱਚ ਨਿੱਜੀ ਸੰਪਰਕ ਦੇ ਨਾਲ-ਨਾਲ ਸੋਸ਼ਲ ਮੀਡੀਆ ਰਾਹੀਂ ਵੀ ਪ੍ਰਚਾਰ ਕੀਤਾ। ਏਬੀਵੀਪੀ ਦੇ ਅੰਕਿਤ ਬਿਢਾਨ ਨੇ ਆਖਰੀ ਪੜਾਅ ਵਿੱਚ ਵਿਦਿਆਰਥੀਆਂ ਨਾਲ ਸੰਪਰਕ ਮੁਹਿੰਮ ਤੇਜ਼ ਕੀਤੀ। ਐਨਐਸਯੂਆਈ ਦੇ ਗੁਰਮਨ ਸਿੰਘ ਸਿੱਧੂ ਨੇ ਵੀ ਨੌਜਵਾਨ ਵੋਟਰਾਂ ਅਤੇ ਆਪਣੇ ਨਿੱਜੀ ਨੈੱਟਵਰਕ ਨੂੰ ਸਰਗਰਮ ਕੀਤਾ। ਇਸੇ ਤਰ੍ਹਾਂ ਸੱਥ ਦੇ ਦਰਸ਼ਪ੍ਰੀਤ ਸਿੰਘ ਦੇ ਸਮਰਥਕ ਵੱਖ-ਵੱਖ ਵਿਭਾਗਾਂ ਵਿੱਚ ਸਰਗਰਮ ਰਹੇ ਅਤੇ ਵੱਡੀ ਗਿਣਤੀ ਵਾਲੇ ਵਿਭਾਗਾਂ ’ਤੇ ਵਿਸ਼ੇਸ਼ ਧਿਆਨ ਦਿੱਤਾ।
ਉਪ ਪ੍ਰਧਾਨ, ਸਕੱਤਰ ਤੇ ਸਾਂਝਾ ਸਕੱਤਰ ਲਈ ਵੀ ਮੁਕਾਬਲਾ
ਉਪ ਪ੍ਰਧਾਨ ਦੇ ਅਹੁਦੇ ਲਈ ਐਨਐਸਯੂਆਈ ਦੀ ਆਕਾਂਕਸ਼ਾ ਠਾਕੁਰ, ਆਈਸਾ ਦੇ ਅਰਮਾਨ ਸਿੰਘ, ਪੀਯੂਡੀਐਫ ਦੇ ਅਰਮਾਨ ਸਿੰਘ ਭਿੰਡਰ, ਸਾਖੀ ਦੀ ਮਨਮੀਤ ਕੌਰ ਅਤੇ ਆਈਐਸਓ ਦੇ ਵਿਪੁਲ ਭਾਦੂ ਮੈਦਾਨ ਵਿੱਚ ਹਨ। ਸਕੱਤਰ ਦੇ ਅਹੁਦੇ ਲਈ ਆਰਿਅਨ ਸਹਾਰਨ, ਧਿਆਨ ਸਿੰਘ ਅਤੇ ਮੁਸਕਾਨ ਚੌਹਾਨ ਵਿਚਾਲੇ ਮੁਕਾਬਲਾ ਹੋਵੇਗਾ। ਸਾਂਝੇ ਸਕੱਤਰ ਲਈ ਆਮੀਨ ਕੌਰ, ਦੇਵਰਾਜ ਸਿੰਘ ਨੈਨ, ਰਾਮ ਚੰਦਰ ਸਿੰਘ ਅਤੇ ਵਿਸ਼ਾਲ ਬਮਲ ਚੋਣ ਲੜ ਰਹੇ ਹਨ।
ਯੂਆਈਈਟੀ ਵਿੱਚ ਸਭ ਤੋਂ ਵੱਧ ਵੋਟਰ
ਵੋਟਰਾਂ ਦੀ ਗਿਣਤੀ ਦੇ ਹਿਸਾਬ ਨਾਲ ਯੂਆਈਈਟੀ ਸਭ ਤੋਂ ਵੱਡਾ ਕੇਂਦਰ ਹੈ, ਜਿੱਥੇ 2,670 ਵੋਟਰਾਂ ਲਈ 24 ਬੂਥ ਪ੍ਰਸਤਾਵਿਤ ਹਨ। ਇਸ ਤੋਂ ਬਾਅਦ ਯੂਆਈਐਲਐਸ ਵਿੱਚ 1,950 ਵੋਟਰ ਅਤੇ 16 ਬੂਥ ਪ੍ਰਸਤਾਵਿਤ ਹਨ, ਜਦਕਿ ਲਾਅ ਵਿਭਾਗ ਵਿੱਚ 1,064 ਵੋਟਰ ਹਨ। ਚੋਣਾਂ ਲਈ ਯੂਨੀਵਰਸਿਟੀ ਵਿੱਚ ਕੁੱਲ 191 ਬੂਥ ਪ੍ਰਸਤਾਵਿਤ ਕੀਤੇ ਗਏ ਹਨ।
9 ਹਜ਼ਾਰ ਵਿਦਿਆਰਥਣਾਂ ਦੇ ਵੋਟ ਬਣ ਸਕਦੇ ਹਨ ਨਿਰਣਾਇਕ
ਇਸ ਵਾਰ 7,467 ਵਿਦਿਆਰਥੀ ਅਤੇ 9,000 ਵਿਦਿਆਰਥਣਾਂ ਵੋਟਰ ਸੂਚੀ ਵਿੱਚ ਸ਼ਾਮਲ ਹਨ, ਜਦਕਿ ਇੱਕ ਟਰਾਂਸਜੈਂਡਰ ਵੋਟਰ ਵੀ ਦਰਜ ਹੈ। ਵਿਦਿਆਰਥਣਾਂ ਦੀ ਵੱਧ ਗਿਣਤੀ ਕਾਰਨ ਉਨ੍ਹਾਂ ਦੇ ਵੋਟ ਚੋਣੀ ਸਮੀਕਰਨਾਂ ਨੂੰ ਪ੍ਰਭਾਵਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਵੋਟਾਂ ਦੀ ਗਿਣਤੀ ਪੰਜਾਬ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ ਵਿੱਚ ਹੋਵੇਗੀ ਅਤੇ ਨਤੀਜਾ ਸ਼ਾਮ ਤੱਕ ਆਉਣ ਦੀ ਉਮੀਦ ਹੈ। ਹੁਣ ਸਭ ਦੀਆਂ ਨਜ਼ਰਾਂ ਅੱਜ ਦੀ ਵੋਟਿੰਗ ’ਤੇ ਟਿਕੀਆਂ ਹਨ ਕਿ ਕੈਂਪਸ ਦੀ ਵਿਦਿਆਰਥੀ ਰਾਜਨੀਤੀ ਦੀ ਕਮਾਨ ਕਿਸ ਉਮੀਦਵਾਰ ਅਤੇ ਕਿਸ ਵਿਦਿਆਰਥੀ ਸੰਗਠਨ ਦੇ ਹੱਥ ਆਉਂਦੀ ਹੈ।






