- ਚੋਰੀ ਤੋਂ ਬਾਅਦ ਨਕਲੀ ਸੋਨਾ ਦੇਣ ਦੇ ਦੋਸ਼, ਸੰਗਰੂਰ ’ਚ ਥਾਣੇ ਬਾਹਰ ਕਿਸਾਨਾਂ ਦਾ ਧਰਨਾ
ਸੰਗਰੂਰ, 2 ਸਤੰਬਰ (ਦੇਸ਼ ਕਲਿੱਕ ਬਿਊਰੋ): ਦਿੜ੍ਹਬਾ ਵਿੱਚ ਇੱਕ ਘਰੋਂ ਸੋਨਾ ਅਤੇ ਨਕਦੀ ਚੋਰੀ ਹੋਣ ਦੇ ਮਾਮਲੇ ਨੂੰ ਲੈ ਕੇ ਵਿਵਾਦ ਵਧ ਗਿਆ ਹੈ। ਪੀੜਤ ਪਰਿਵਾਰ ਨੇ ਪੁਲਿਸ ’ਤੇ ਬਰਾਮਦ ਹੋਏ ਅਸਲੀ ਸੋਨੇ ਦੀ ਥਾਂ ਨਕਲੀ ਸੋਨਾ ਦੇਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਹਨ। ਇਸ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦਿੜ੍ਹਬਾ ਥਾਣੇ ਦੇ ਬਾਹਰ ਧਰਨਾ ਦਿੱਤਾ ਗਿਆ।
ਪੀੜਤ ਮੰਜੀਤ ਸਿੰਘ ਮੁਤਾਬਕ 7 ਅਗਸਤ ਨੂੰ ਉਨ੍ਹਾਂ ਦੇ ਘਰੋਂ ਕਰੀਬ 12 ਤੋਲੇ ਸੋਨਾ ਅਤੇ 95 ਹਜ਼ਾਰ ਰੁਪਏ ਚੋਰੀ ਹੋ ਗਏ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਪੁੱਛਗਿੱਛ ਦੌਰਾਨ ਚੋਰੀ ਵਿੱਚ ਆਪਣੇ ਪਿਤਾ ਦੀ ਸ਼ਮੂਲੀਅਤ ਦਾ ਵੀ ਦੋਸ਼ ਲਗਾਇਆ ਸੀ। ਇਸ ਦੇ ਬਾਵਜੂਦ ਉਸ ਦੇ ਪਿਤਾ ਖ਼ਿਲਾਫ਼ ਗ੍ਰਿਫ਼ਤਾਰੀ ਦੀ ਕਾਰਵਾਈ ਨਹੀਂ ਕੀਤੀ ਗਈ ਅਤੇ ਉਹ ਅਜੇ ਵੀ ਪਿੰਡ ਵਿੱਚ ਮੌਜੂਦ ਹੈ।
ਕਿਸਾਨ ਆਗੂ ਮਨਜੀਤ ਸਿੰਘ ਨੇ ਪੀੜਤ ਪਰਿਵਾਰ ਦੇ ਹੱਕ ਵਿੱਚ ਧਰਨਾ ਦਿੰਦਿਆਂ ਦੋਸ਼ ਲਗਾਇਆ ਕਿ ਚੋਰੀ ਹੋਇਆ ਸੋਨਾ ਅਸਲੀ ਸੀ, ਪਰ ਪੁਲਿਸ ਵੱਲੋਂ ਪਰਿਵਾਰ ਨੂੰ ਕਥਿਤ ਤੌਰ ’ਤੇ ਨਕਲੀ ਸੋਨਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਲਈ 10 ਦਿਨਾਂ ਦਾ ਸਮਾਂ ਮੰਗਿਆ ਹੈ।
10 ਦਿਨਾਂ ਦਾ ਸਮਾਂ, ਇਨਸਾਫ਼ ਨਾ ਮਿਲਿਆ ਤਾਂ ਵੱਡਾ ਪ੍ਰਦਰਸ਼ਨ
ਕਿਸਾਨ ਜਥੇਬੰਦੀ ਨੇ ਚੇਤਾਵਨੀ ਦਿੱਤੀ ਕਿ ਜੇਕਰ 10 ਦਿਨਾਂ ਦੇ ਅੰਦਰ ਪਰਿਵਾਰ ਨੂੰ ਅਸਲੀ ਸੋਨਾ ਵਾਪਸ ਨਾ ਮਿਲਿਆ ਅਤੇ ਮਾਮਲੇ ਦਾ ਇਨਸਾਫ਼ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਵੱਡੇ ਪੱਧਰ ’ਤੇ ਲਿਜਾਇਆ ਜਾਵੇਗਾ। ਉਧਰ ਦਿੜ੍ਹਬਾ ਥਾਣੇ ਦੇ ਐੱਸਐੱਚਓ ਦਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਚੋਰੀ ਦੇ ਮਾਮਲੇ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਸੋਨੇ ਦੀ ਪਛਾਣ ਵੀ ਕਰਵਾਈ ਗਈ ਸੀ ਅਤੇ ਪਰਿਵਾਰ ਨੇ ਪਹਿਲਾਂ ਇਸ ਨੂੰ ਆਪਣਾ ਸੋਨਾ ਦੱਸਿਆ ਸੀ, ਪਰ ਬਾਅਦ ਵਿੱਚ ਉਸ ਨੂੰ ਨਕਲੀ ਦੱਸਦਿਆਂ ਲੈਣ ਤੋਂ ਇਨਕਾਰ ਕਰ ਦਿੱਤਾ।
ਐੱਸਐੱਚਓ ਮੁਤਾਬਕ ਪੁਲਿਸ ਨੇ ਮਾਮਲੇ ਦੀ ਸਹੀ ਜਾਂਚ ਲਈ 10 ਦਿਨਾਂ ਦਾ ਸਮਾਂ ਲਿਆ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਬਰਾਮਦ ਸੋਨੇ ਅਤੇ ਚੋਰੀ ਦੇ ਮਾਮਲੇ ਸਬੰਧੀ ਅਸਲ ਤੱਥ ਸਪੱਸ਼ਟ ਹੋ ਸਕਣਗੇ।







