200 ਸਾਲ ਬਾਅਦ ਘਰ ’ਚ ਹੋਇਆ ਧੀ ਦਾ ਜਨਮ, ਪਰਿਵਾਰ ਚਾਂਦੀ ਦੇ ਰਥ ’ਚ ਲੈ ਕੇ ਆਇਆ ਘਰ

Top Trending News ਰਾਸ਼ਟਰੀ

  • 200 ਸਾਲ ਬਾਅਦ ਘਰ ’ਚ ਹੋਇਆ ਧੀ ਦਾ ਜਨਮ, ਪਰਿਵਾਰ ਚਾਂਦੀ ਦੇ ਰਥ ’ਚ ਲੈ ਕੇ ਆਇਆ ਘਰ
  • ਚਾਰ ਪੀੜ੍ਹੀਆਂ ਬਾਅਦ ਧੀ ਦੇ ਜਨਮ ਦੀ ਖੁਸ਼ੀ ’ਚ ਗੂੰਜੇ ਢੋਲ-ਢਮੱਕੇ
  • ਨਵਜੰਮੀ ਬੱਚੀ ਦਾ ਨਾਮ ਰੱਖਿਆ ‘ਗਾਰਗੀ’

ਮੁੰਬਈ, 3 ਸਤੰਬਰ (ਦੇਸ਼ ਕਲਿੱਕ ਬਿਊਰੋ): ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਵਿੱਚ ਇੱਕ ਪਰਿਵਾਰ ਨੇ ਧੀ ਦੇ ਜਨਮ ਦੀ ਖੁਸ਼ੀ ਨੂੰ ਯਾਦਗਾਰ ਬਣਾਉਂਦੇ ਹੋਏ ਸ਼ਾਨਦਾਰ ਜਸ਼ਨ ਮਨਾਇਆ। ਦਹਿਫਾਲੇ ਪਰਿਵਾਰ ਵਿੱਚ ਕਰੀਬ 200 ਸਾਲ ਬਾਅਦ ਧੀ ਦਾ ਜਨਮ ਹੋਇਆ ਹੈ। ਪਰਿਵਾਰ ਨੇ ਨਵਜੰਮੀ ਬੱਚੀ ਦਾ ਸਵਾਗਤ ਚਾਂਦੀ ਦੇ ਰਥ ਵਿੱਚ ਸ਼ੋਭਾ ਯਾਤਰਾ ਕੱਢ ਕੇ ਕੀਤਾ। ਚਾਰ ਪੀੜ੍ਹੀਆਂ ਬਾਅਦ ਘਰ ਵਿੱਚ ਧੀ ਦੇ ਆਉਣ ਦੀ ਖੁਸ਼ੀ ਵਿੱਚ ਪਰਿਵਾਰ ਨੇ ਬੱਚੀ ਦਾ ਨਾਮ ਗਾਰਗੀ ਰੱਖਿਆ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਗਾਰਗੀ ਨੂੰ ਉਸ ਦੀ ਮਾਂ ਸਮੇਤ ਚਾਂਦੀ ਦੇ ਰਥ ਵਿੱਚ ਬਿਠਾ ਕੇ ਘਰ ਲਿਆਂਦਾ ਗਿਆ। ਇਸ ਦੌਰਾਨ ਢੋਲ ਅਤੇ ਝਾਂਝ ਦੀਆਂ ਧੁਨਾਂ ’ਤੇ ਪਰਿਵਾਰਕ ਮੈਂਬਰ ਨੱਚਦੇ ਹੋਏ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਏ।

ਪਰਿਵਾਰ ਨੇ ਦੱਸਿਆ ਕਿ ਪਿਛਲੀਆਂ ਦੋ ਸਦੀਆਂ ਦੌਰਾਨ ਉਨ੍ਹਾਂ ਦੇ ਘਰ ਵਿੱਚ ਕੋਈ ਧੀ ਪੈਦਾ ਨਹੀਂ ਹੋਈ ਸੀ। ਪਰਿਵਾਰ ਦੇ ਦਾਦਾ ਨੇ ਕਿਹਾ ਕਿ ਧੀ ਦਾ ਜਨਮ ਉਨ੍ਹਾਂ ਲਈ ਬਹੁਤ ਵੱਡੀ ਖੁਸ਼ਕਿਸਮਤੀ ਹੈ। ਕਈ ਸਾਲਾਂ ਤੋਂ ਧੀ ਨਾ ਹੋਣ ਦਾ ਅਫਸੋਸ ਸੀ, ਜੋ ਹੁਣ ਗਾਰਗੀ ਦੇ ਜਨਮ ਨਾਲ ਪੂਰਾ ਹੋ ਗਿਆ ਹੈ। ਗਾਰਗੀ ਦੀ ਦਾਦੀ ਸੁਰੇਖਾ ਦਹਿਫਾਲੇ ਨੇ ਨਵਜੰਮੀ ਬੱਚੀ ਨੂੰ ‘ਲਕਸ਼ਮੀ ਦੇਵੀ’ ਦਾ ਰੂਪ ਦੱਸਿਆ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਹਸਪਤਾਲ ਵਿੱਚ ਹੀ ਫੈਸਲਾ ਕਰ ਲਿਆ ਸੀ ਕਿ ਬੱਚੀ ਦੇ ਘਰ ਆਉਣ ’ਤੇ ਉਸ ਦਾ ਖਾਸ ਤਰੀਕੇ ਨਾਲ ਸਵਾਗਤ ਕੀਤਾ ਜਾਵੇਗਾ।

ਗਾਰਗੀ ਦੇ ਪਿਤਾ ਨੇ ਵੀ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਧੀਆਂ ਆਮ ਤੌਰ ’ਤੇ ਆਪਣੇ ਪਿਤਾ ਦੇ ਬਹੁਤ ਕਰੀਬ ਹੁੰਦੀਆਂ ਹਨ ਅਤੇ ਉਹ ਆਪਣੀ ਧੀ ਨੂੰ ਫੁੱਲ ਵਾਂਗ ਪਾਲਣਗੇ। ਉਨ੍ਹਾਂ ਕਿਹਾ ਕਿ ਜਿੱਥੇ ਅਕਸਰ ਲੋਕ ਪੁੱਤਰ ਦੀ ਇੱਛਾ ਰੱਖਦੇ ਹਨ, ਉੱਥੇ ਧੀ ਦੇ ਜਨਮ ਦੀ ਖੁਸ਼ੀ ਅਤੇ ਅਹਿਸਾਸ ਹੀ ਵੱਖਰਾ ਹੁੰਦਾ ਹੈ।

ਪਿਪਲਾਂਤਰੀ ’ਚ ਵੀ ਧੀ ਦੇ ਜਨਮ ’ਤੇ ਮਨਾਇਆ ਜਾਂਦਾ ਹੈ ਜਸ਼ਨ
ਧੀ ਦੇ ਜਨਮ ਨੂੰ ਉਤਸ਼ਾਹ ਨਾਲ ਮਨਾਉਣ ਦੀ ਇੱਕ ਹੋਰ ਮਿਸਾਲ ਰਾਜਸਥਾਨ ਦੇ ਪਿਪਲਾਂਤਰੀ ਪਿੰਡ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਇੱਥੇ ਹਰ ਧੀ ਦੇ ਜਨਮ ’ਤੇ 111 ਪੌਦੇ ਲਗਾਉਣ ਦੀ ਪਰੰਪਰਾ ਹੈ। ਇਹ ਰਿਵਾਜ ਪਿੰਡ ਦੇ ਸਾਬਕਾ ਸਰਪੰਚ ਸ਼ਿਆਮ ਸੁੰਦਰ ਪਾਲੀਵਾਲ ਨੇ ਆਪਣੀ ਧੀ ਦੀ ਮੌਤ ਤੋਂ ਬਾਅਦ ਸ਼ੁਰੂ ਕੀਤਾ ਸੀ।