- ਸਤਿੰਦਰ ਜੈਨ ਨੂੰ ਮਿਲੀ ਜ਼ਮਾਨਤ, ਜਲ ਬੋਰਡ ਟੈਂਡਰ ਘਪਲੇ ਵਿੱਚ ਹੋਈ ਸੀ ਗ੍ਰਿਫ਼ਤਾਰੀ
ਨਵੀਂ ਦਿੱਲੀ, 3 ਸਤੰਬਰ (ਦੇਸ਼ ਕਲਿੱਕ ਬਿਊਰੋ): ਆਮ ਆਦਮੀ ਪਾਰਟੀ (AAP) ਦੇ ਆਗੂ ਅਤੇ ਦਿੱਲੀ ਦੇ ਸਾਬਕਾ ਜਲ ਮੰਤਰੀ ਸਤਿੰਦਰ ਕੁਮਾਰ ਜੈਨ ਨੂੰ ਵੱਡੀ ਰਾਹਤ ਮਿਲੀ ਹੈ। ਰਾਊਜ਼ ਐਵੇਨਿਊ ਕੋਰਟ ਨੇ ਦਿੱਲੀ ਜਲ ਬੋਰਡ (DJB) ਦੇ ਸੀਵਰੇਜ ਟ੍ਰੀਟਮੈਂਟ ਪਲਾਂਟ (STP) ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਅਤੇ ਟੈਂਡਰ ਵਿੱਚ ਬੇਨਿਯਮੀਆਂ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਸੁਣਵਾਈ ਦੌਰਾਨ ਸਤਿੰਦਰ ਜੈਨ ਵੱਲੋਂ ਪੇਸ਼ ਵਕੀਲ ਐੱਨ. ਹਰੀਹਰਨ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਕੇਸ ਦਰਜ ਹੋਣ ਤੋਂ 27 ਮਹੀਨੇ ਬਾਅਦ ਕੀਤੀ ਗਈ। ਇਸ ਦੌਰਾਨ ਜਾਂਚ ਏਜੰਸੀ ਨੇ ਉਨ੍ਹਾਂ ਨੂੰ ਸਿਰਫ਼ ਇੱਕ ਵਾਰ ਪੁੱਛਗਿੱਛ ਲਈ ਬੁਲਾਇਆ ਸੀ ਅਤੇ ਦੂਜੀ ਵਾਰ ਬੁਲਾਉਣ ‘ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਵਕੀਲ ਨੇ ਕਿਹਾ ਕਿ ਮਾਮਲੇ ਨਾਲ ਸਬੰਧਤ ਸਾਰਾ ਸਬੂਤ ਦਸਤਾਵੇਜ਼ੀ ਹੈ ਅਤੇ ਜਾਂਚ ਏਜੰਸੀਆਂ ਪਹਿਲਾਂ ਹੀ ਸਬੰਧਤ ਸਮੱਗਰੀ ਆਪਣੇ ਕਬਜ਼ੇ ਵਿੱਚ ਲੈ ਚੁੱਕੀਆਂ ਹਨ।
ਉੱਥੇ ਹੀ ACB ਨੇ ਦਲੀਲ ਦਿੱਤੀ ਕਿ ਸਤਿੰਦਰ ਜੈਨ ਆਦਤਨ ਅਪਰਾਧੀ ਹਨ ਅਤੇ ਜ਼ਮਾਨਤ ‘ਤੇ ਫ਼ੈਸਲਾ ਕਰਦੇ ਸਮੇਂ ਇਸ ਪੱਖ ਨੂੰ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਕੋਰਟ ਨੇ ਸਤਿੰਦਰ ਜੈਨ ਨੂੰ 2 ਲੱਖ ਰੁਪਏ ਦੇ ਮੁਚਲਕੇ ਅਤੇ ਇੰਨੀ ਹੀ ਰਕਮ ਦੀਆਂ ਦੋ ਜ਼ਮਾਨਤਾਂ (Sureties) ਜਮ੍ਹਾਂ ਕਰਵਾਉਣ ਦੀ ਸ਼ਰਤ ‘ਤੇ ਜ਼ਮਾਨਤ ਦਿੱਤੀ।
ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ACB) ਨੇ ਇਸ ਮਾਮਲੇ ਵਿੱਚ ਸਤਿੰਦਰ ਜੈਨ ਸਮੇਤ ਕੁੱਲ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰ ਕੀਤੇ ਗਏ ਹੋਰ ਮੁਲਜ਼ਮਾਂ ਵਿੱਚ ਦਿੱਲੀ ਜਲ ਬੋਰਡ ਦੇ ਸਾਬਕਾ CEO ਅਤੇ IAS ਅਧਿਕਾਰੀ ਉਦਿਤ ਪ੍ਰਕਾਸ਼ ਰਾਏ, DJB ਦੇ ਸਾਬਕਾ ਕਾਂਟ੍ਰੈਕਚੁਅਲ ਕਨਸਲਟੈਂਟ ਅੰਕਿਤ ਸ਼੍ਰੀਵਾਸਤਵ, M/s AN Enterprises ਦੇ ਮਾਲਕ ਨਾਗੇਂਦਰ ਯਾਦਵ, M/s Eurotech Environment Pvt. Ltd. ਦੇ ਮਾਲਕ ਰਾਜਾ ਕੁਮਾਰ ਕੁਰਰਾ ਅਤੇ M/s ਸ੍ਰਿਜਨਹਾਰ ਦੇ ਮਾਲਕ ਪੰਕਜ ਵਰਮਾ ਸ਼ਾਮਲ ਹਨ।
ਇਹ ਮਾਮਲਾ FIR ਨੰਬਰ 10/2024 ਨਾਲ ਸਬੰਧਤ ਹੈ, ਜੋ 11 ਮਈ 2024 ਨੂੰ ਦਰਜ ਕੀਤੀ ਗਈ ਸੀ। FIR ਭ੍ਰਿਸ਼ਟਾਚਾਰ ਰੋਕੂ ਕਾਨੂੰਨ, 1988 ਦੀਆਂ ਵੱਖ-ਵੱਖ ਧਾਰਾਵਾਂ ਦੇ ਨਾਲ IPC ਦੀਆਂ ਧਾਰਾਵਾਂ 420, 409, 418 ਅਤੇ 120-B ਤਹਿਤ ਦਰਜ ਕੀਤੀ ਗਈ ਸੀ। ਇਹ ਕਾਰਵਾਈ ਦਿੱਲੀ ਸਰਕਾਰ ਦੇ ਵਿਜੀਲੈਂਸ ਡਾਇਰੈਕਟੋਰੇਟ ਵੱਲੋਂ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਸ਼ੁਰੂ ਹੋਈ ਜਾਂਚ ਦੇ ਆਧਾਰ ‘ਤੇ ਕੀਤੀ ਗਈ ਸੀ।
ACB ਮੁਤਾਬਕ ਜਾਂਚ ਦੌਰਾਨ ਦਸਤਾਵੇਜ਼ੀ, ਇਲੈਕਟ੍ਰਾਨਿਕ ਅਤੇ ਵਿੱਤੀ ਸਬੂਤ ਇਕੱਠੇ ਕੀਤੇ ਗਏ ਸਨ। ਇਨ੍ਹਾਂ ਸਬੂਤਾਂ ਦੇ ਆਧਾਰ ‘ਤੇ ਛੇਵੇਂ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ 18 ਅਗਸਤ 2026 ਨੂੰ ਸਾਰਿਆਂ ਨੂੰ ਕਾਨੂੰਨ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਸੀ।







