ਬਿਨਾਂ ਦੱਸੇ ਖੋਲ੍ਹਿਆ ਟਾਈਗਰ ਦਾ ਪਿੰਜਰਾ, ਹਮਲੇ ’ਚ ਮਹਿਲਾ ਮਜ਼ਦੂਰ ਦੀ ਮੌਤ; 6 ਔਰਤਾਂ ਨੇ ਦਰੱਖਤ ਤੇ ਜਾਲ ’ਤੇ ਚੜ੍ਹ ਕੇ ਬਚਾਈ ਜਾਨ

Top Trending News ਰਾਸ਼ਟਰੀ

  • ਬਿਨਾਂ ਦੱਸੇ ਖੋਲ੍ਹਿਆ ਟਾਈਗਰ ਦਾ ਪਿੰਜਰਾ, ਹਮਲੇ ’ਚ ਮਹਿਲਾ ਮਜ਼ਦੂਰ ਦੀ ਮੌਤ; 6 ਔਰਤਾਂ ਨੇ ਦਰੱਖਤ ਤੇ ਜਾਲ ’ਤੇ ਚੜ੍ਹ ਕੇ ਬਚਾਈ ਜਾਨ
  • ਜੈਪੁਰ ਦੇ ਨਾਹਰਗੜ੍ਹ ਬਾਇਓਲਾਜੀਕਲ ਪਾਰਕ ’ਚ ਹਾਦਸਾ
  • ਘਾਹ ਕੱਟ ਰਹੀਆਂ ਸਨ 7 ਮਹਿਲਾ ਮਜ਼ਦੂਰ
  • ਵਣ ਵਿਭਾਗ ‘ਤੇ ਲਾਪਰਵਾਹੀ ਦੇ ਦੋਸ਼

ਜੈਪੁਰ: 3 ਸਤੰਬਰ (ਦੇਸ਼ ਕਲਿੱਕ ਬਿਊਰੋ): ਜੈਪੁਰ ਦੇ ਨਾਹਰਗੜ੍ਹ ਬਾਇਓਲਾਜੀਕਲ ਪਾਰਕ ਵਿੱਚ ਬੁੱਧਵਾਰ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕ ਟਾਈਗਰ ਨੇ ਮਹਿਲਾ ਮਜ਼ਦੂਰਾਂ ’ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਸੁਗਨਾ ਦੇਵੀ ਨਾਮਕ ਮਹਿਲਾ ਮਜ਼ਦੂਰ ਦੀ ਮੌਤ ਹੋ ਗਈ। ਦੋਸ਼ ਹੈ ਕਿ ਵਣ ਵਿਭਾਗ ਦੇ ਇੱਕ ਕਰਮਚਾਰੀ ਵੱਲੋਂ ਬਿਨਾਂ ਮਜ਼ਦੂਰਾਂ ਨੂੰ ਹਟਾਏ ਟਾਈਗਰ ਦੇ ਪਿੰਜਰੇ ਦਾ ਗੇਟ ਖੋਲ੍ਹ ਦਿੱਤਾ ਗਿਆ, ਜਿਸ ਤੋਂ ਬਾਅਦ ਟਾਈਗਰ ਖੁੱਲ੍ਹੇ ਐਨਕਲੋਜ਼ਰ ਵਿੱਚ ਪਹੁੰਚ ਗਿਆ।

ਜਾਣਕਾਰੀ ਮੁਤਾਬਕ ਐਨਕਲੋਜ਼ਰ ਵਿੱਚ 7 ਮਹਿਲਾਵਾਂ ਘਾਹ ਕੱਟ ਰਹੀਆਂ ਸਨ। ਟਾਈਗਰ ਨੂੰ ਆਪਣੀ ਵੱਲ ਆਉਂਦਾ ਦੇਖ ਕੇ ਮਹਿਲਾਵਾਂ ਨੇ ਦਰੱਖਤਾਂ ਅਤੇ ਜਾਲ ’ਤੇ ਚੜ੍ਹ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਟਾਈਗਰ ਨੇ ਸੁਗਨਾ ਦੇਵੀ ਨੂੰ ਝਪਟ ਕੇ ਹੇਠਾਂ ਸੁੱਟ ਦਿੱਤਾ ਅਤੇ ਉਸ ’ਤੇ ਹਮਲਾ ਕਰ ਦਿੱਤਾ। ਗੰਭੀਰ ਸੱਟਾਂ ਕਾਰਨ ਉਸ
ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨੰਗਲ ਸੁਸਾਵਤਾਨ ਪਿੰਡ ਦੀ ਰਹਿਣ ਵਾਲੀ ਸੁਗਨਾ ਦੇਵੀ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਵਣ ਵਿਭਾਗ ਦੀ ਟੀਮ ਨੇ ਤੁਰੰਤ ਟਾਈਗਰ ਨੂੰ ਕਾਬੂ ਕਰਕੇ ਵਾਪਸ ਪਿੰਜਰੇ ਵਿੱਚ ਬੰਦ ਕਰ ਦਿੱਤਾ।

ਪਿੰਜਰਾ ਖੋਲ੍ਹਣ ਵਾਲੀ ਮਹਿਲਾ ਕਰਮਚਾਰੀ ਤੋਂ ਪੁੱਛਗਿੱਛ
ਡੀਐਫਓ ਆਸ਼ੀਸ਼ ਵਿਆਸ ਨੇ ਦੱਸਿਆ ਕਿ ਟਾਈਗਰ ਦੇ ਹਮਲੇ ਵਿੱਚ ਇੱਕ ਮਹਿਲਾ ਮਜ਼ਦੂਰ ਦੀ ਮੌਤ ਹੋਈ ਹੈ। ਮਾਮਲੇ ਦੀ ਜਾਂਚ ਨਾਹਰਗੜ੍ਹ ਬਾਇਓਲਾਜੀਕਲ ਪਾਰਕ ਦੇ ਏਸੀਐਫ ਨੂੰ ਸੌਂਪੀ ਗਈ ਹੈ। ਪੁਲਿਸ ਵੱਲੋਂ ਵਣ ਵਿਭਾਗ ਦੀ ਕਰਮਚਾਰੀ ਹੰਸਾ ਦੇਵੀ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਪਾਰਕ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ ’ਤੇ ਮੌਜੂਦ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਜਾਣਗੇ। ਜਾਂਚ ਤੋਂ ਬਾਅਦ ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

‘ਅਚਾਨਕ ਖੋਲ੍ਹ ਦਿੱਤਾ ਟਾਈਗਰ ਦਾ ਗੇਟ’
ਮ੍ਰਿਤਕ ਸੁਗਨਾ ਦੇਵੀ ਦੀ ਭੈਣ ਨੇ ਦੱਸਿਆ ਕਿ ਉਹ 7 ਮਹਿਲਾਵਾਂ ਰੋਜ਼ਾਨਾ ਐਨਕਲੋਜ਼ਰ ਵਿੱਚ ਘਾਹ ਕੱਟਣ ਦਾ ਕੰਮ ਕਰਦੀਆਂ ਹਨ। ਆਮ ਤੌਰ ’ਤੇ ਉਨ੍ਹਾਂ ਨੂੰ ਸਵੇਰੇ 9 ਵਜੇ ਬੁਲਾਇਆ ਜਾਂਦਾ ਸੀ, ਪਰ ਘਟਨਾ ਵਾਲੇ ਦਿਨ ਉਨ੍ਹਾਂ ਨੂੰ ਸਵੇਰੇ 8 ਵਜੇ ਹੀ ਕੰਮ ਲਈ ਬੁਲਾ ਲਿਆ ਗਿਆ ਸੀ। ਉਸ ਨੇ ਦੋਸ਼ ਲਗਾਇਆ ਕਿ ਕਰੀਬ 9 ਵਜੇ ਮਜ਼ਦੂਰਾਂ ਨੂੰ ਉਥੋਂ ਹਟਾਏ ਬਿਨਾਂ ਹੀ ਪਿੱਛੋਂ ਵਣ ਵਿਭਾਗ ਦੀ ਕਰਮਚਾਰੀ ਨੇ ਟਾਈਗਰ ਦੇ ਕਰਾਲ ਦਾ ਗੇਟ ਖੋਲ੍ਹ ਦਿੱਤਾ। ਟਾਈਗਰ ਨੂੰ ਦੇਖ ਕੇ ਸੁਗਨਾ ਜਾਨ ਬਚਾਉਣ ਲਈ ਭੱਜੀ, ਪਰ ਜਦੋਂ ਉਹ ਜਾਲ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਟਾਈਗਰ ਨੇ ਉਸ ਨੂੰ ਪਿੱਛੋਂ ਝਪਟ ਕੇ ਫੜ ਲਿਆ। ਬਾਕੀ 6 ਮਹਿਲਾਵਾਂ ਨੇ ਕਿਸੇ ਤਰ੍ਹਾਂ ਜਾਲ ਅਤੇ ਦਰੱਖਤ ’ਤੇ ਚੜ੍ਹ ਕੇ ਆਪਣੀ ਜਾਨ ਬਚਾਈ। ਮਹਿਲਾਵਾਂ ਦਾ ਕਹਿਣਾ ਹੈ ਕਿ ਉਹ ਕਰੀਬ 8 ਸਾਲਾਂ ਤੋਂ ਇੱਥੇ ਕੰਮ ਕਰ ਰਹੀਆਂ ਹਨ, ਪਰ ਇਸ ਤਰ੍ਹਾਂ ਦੀ ਘਟਨਾ ਪਹਿਲਾਂ ਨਹੀਂ ਵਾਪਰੀ।

ਮੁਆਵਜ਼ੇ ਅਤੇ ਨੌਕਰੀ ਦੇ ਭਰੋਸੇ ਤੋਂ ਬਾਅਦ ਧਰਨਾ ਖ਼ਤਮ
ਘਟਨਾ ਦੀ ਸੂਚਨਾ ਮਿਲਦੇ ਹੀ ਵਣ ਵਿਭਾਗ ਅਤੇ ਪੁਲਿਸ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ। ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਇਕੱਠੇ ਹੋ ਗਏ। ਗੁੱਸੇ ਵਿੱਚ ਆਏ ਲੋਕਾਂ ਨੇ ਧਰਨਾ ਲਗਾ ਦਿੱਤਾ ਅਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਪਿੰਡ ਵਾਸੀਆਂ ਨੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ, ਆਰਥਿਕ ਮੁਆਵਜ਼ਾ ਅਤੇ ਦੋਸ਼ੀ ਕਰਮਚਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਆਮੇਰ ਵਿਧਾਇਕ ਪ੍ਰਸ਼ਾਂਤ ਸ਼ਰਮਾ ਸਮੇਤ ਕਈ ਜਨਪ੍ਰਤੀਨਿਧੀ ਵੀ ਧਰਨੇ ਵਿੱਚ ਪਹੁੰਚੇ।

ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਵਿਚਾਲੇ ਗੱਲਬਾਤ ਤੋਂ ਬਾਅਦ ਸਹਿਮਤੀ ਬਣੀ। ਇਸ ਤਹਿਤ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, ਦੋ ਆਸ਼ਰਿਤਾਂ ਨੂੰ ਸੰਵਿਦਾ ’ਤੇ ਨੌਕਰੀ, ਇੱਕ ਡੇਅਰੀ ਬੂਥ ਦੇਣ ਅਤੇ ਦੋਸ਼ੀ ਵਣ ਕਰਮਚਾਰੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਇਲਾਵਾ ਇੱਕ ਆਸ਼ਰਿਤ ਨੂੰ ਸਰਕਾਰੀ ਨੌਕਰੀ ਦੇਣ ਲਈ ਸੂਬਾ ਸਰਕਾਰ ਨੂੰ ਪ੍ਰਸਤਾਵ ਭੇਜਣ ਦੀ ਗੱਲ ਵੀ ਮੰਨੀ ਗਈ। ਇਨ੍ਹਾਂ ਭਰੋਸਿਆਂ ਤੋਂ ਬਾਅਦ ਪਿੰਡ ਵਾਸੀਆਂ ਨੇ ਧਰਨਾ ਸਮਾਪਤ ਕਰ ਦਿੱਤਾ।