ਪੰਜਾਬ ‘ਚ SIR ਤਹਿਤ ਵੋਟਰ ਸੂਚੀ ਲਈ ਇਤਰਾਜ਼ ਅਤੇ ਨਵੀਂ ਰਜਿਸਟ੍ਰੇਸ਼ਨ ਦਾ ਅੱਜ ਆਖਰੀ ਦਿਨ!
ਚੰਡੀਗੜ੍ਹ 12 ਸਤੰਬਰ 2026
ਪੰਜਾਬ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਤਹਿਤ ਡਰਾਫਟ ਵੋਟਰ ਸੂਚੀ ਸਬੰਧੀ ਇਤਰਾਜ਼ ਦਰਜ ਕਰਵਾਉਣ ਅਤੇ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਅੱਜ ਆਖਰੀ ਦਿਨ ਹੈ। ਚੋਣ ਕਮਿਸ਼ਨ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਡਰਾਫਟ ਸੂਚੀ ਵਿੱਚ ਨਾਮ ਜਾਂ ਕਿਸੇ ਹੋਰ ਜਾਣਕਾਰੀ ਸਬੰਧੀ ਇਤਰਾਜ਼ ਹੋਣ ਦੀ ਸੂਰਤ ਵਿੱਚ ਅੱਜ ਹੀ ਆਪਣੀ ਅਰਜ਼ੀ ਜਮ੍ਹਾਂ ਕਰਵਾਈ ਜਾਵੇ।
ਇਸ ਦੇ ਨਾਲ ਹੀ ਪਹਿਲੀ ਵਾਰ ਵੋਟ ਪਾਉਣ ਵਾਲੇ ਉਹ ਨੌਜਵਾਨ, ਜੋ 1 ਅਕਤੂਬਰ 2026 ਤੱਕ 18 ਸਾਲ ਦੀ ਉਮਰ ਪੂਰੀ ਕਰ ਰਹੇ ਹਨ, ਅੱਜ ਤੱਕ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਲਈ ਅਰਜ਼ੀ ਦੇ ਸਕਦੇ ਹਨ। ਇਨ੍ਹਾਂ ਅਰਜ਼ੀਆਂ ਦੇ ਆਧਾਰ ’ਤੇ ਹੀ ਅੰਤਿਮ ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕੀਤੇ ਜਾਣਗੇ।
ਚੋਣ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਵੋਟਰ ਰਜਿਸਟ੍ਰੇਸ਼ਨ ਜਾਂ ਤਸਦੀਕ ਦੌਰਾਨ ਝੂਠੀ, ਫਰਜ਼ੀ ਜਾਂ ਮਨਘੜਤ ਜਾਣਕਾਰੀ ਦੇਣ ’ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। BNS ਦੀ ਧਾਰਾ 217 ਤਹਿਤ ਗਲਤ ਜਾਣਕਾਰੀ ਦੇਣ ’ਤੇ ਇੱਕ ਸਾਲ ਤੱਕ ਦੀ ਕੈਦ, 10 ਹਜ਼ਾਰ ਰੁਪਏ ਤੱਕ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
ਵਿਭਾਗ ਵੱਲੋਂ ਜਮ੍ਹਾਂ ਦਸਤਾਵੇਜ਼ਾਂ ਦੀ ਕਰਾਸ-ਵੈਰੀਫਿਕੇਸ਼ਨ ਵੀ ਕਰਵਾਈ ਜਾਵੇਗੀ। ਫਰਜ਼ੀ ਜਾਂ ਜਾਅਲੀ ਦਸਤਾਵੇਜ਼ ਮਿਲਣ ’ਤੇ ਅਪਰਾਧਿਕ ਮਾਮਲਾ ਦਰਜ ਕੀਤਾ ਜਾ ਸਕਦਾ ਹੈ।







