ਪੰਜਾਬ ’ਚ ਲੰਮੇ ਬਿਜਲੀ ਕੱਟਾਂ ਤੋਂ ਹਾਹਾਕਾਰ! ਭਾਜਪਾ ਵੱਲੋਂ AAP ਸਰਕਾਰ ਖ਼ਿਲਾਫ਼ ਧਰਨੇ ਦੀ ਚਿਤਾਵਨੀ
ਬਠਿੰਡਾ 13 ਸਤੰਬਰ 2026-
ਪੰਜਾਬ ਵਿੱਚ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਜਾਰੀ ਅਣ-ਐਲਾਨੇ ਅਤੇ ਲੰਮੇ ਬਿਜਲੀ ਕੱਟਾਂ ਨੇ ਆਮ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਕਰ ਦਿੱਤਾ ਹੈ। ਅੱਤ ਦੀ ਗਰਮੀ ਅਤੇ ਹੁੰਮਸ ਦਰਮਿਆਨ ਘੰਟਿਆਂ ਬੱਧੀ ਬਿਜਲੀ ਗੁੱਲ ਰਹਿਣ ਕਾਰਨ ਜਿੱਥੇ ਆਮ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ, ਉੱਥੇ ਹੀ ਵਪਾਰ ਅਤੇ ਉਦਯੋਗ ਵੀ ਡੂੰਘੇ ਸੰਕਟ ਵਿੱਚ ਘਿਰ ਗਏ ਹਨ।
ਇਸ ਗੰਭੀਰ ਮਸਲੇ ’ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਸੂਬਾ ਸਰਕਾਰ ਦੀ ਊਰਜਾ ਨੀਤੀ ਅਤੇ ਪ੍ਰਬੰਧਕੀ ਨਾਕਾਮੀ ’ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ 24 ਘੰਟੇ ਬਿਜਲੀ ਦੇਣ ਦੇ ਵੱਡੇ ਦਾਅਵੇ ਕਰਨ ਵਾਲੀ ਸਰਕਾਰ ਬੁਨਿਆਦੀ ਸਹੂਲਤਾਂ ਦੇਣ ਵਿੱਚ ਵੀ ਅਸਮਰੱਥ ਸਾਬਤ ਹੋਈ ਹੈ।
ਸਿੰਗਲਾ ਅਨੁਸਾਰ ਸ਼ਹਿਰਾਂ ਅਤੇ ਪਿੰਡਾਂ ਵਿੱਚ 8 ਤੋਂ 10 ਘੰਟਿਆਂ ਦੇ ਕੱਟਾਂ ਕਾਰਨ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਪੈਦਾ ਹੋ ਚੁੱਕੀ ਹੈ। ਮਰੀਜ਼ਾਂ, ਬਜ਼ੁਰਗਾਂ ਅਤੇ ਬੱਚਿਆਂ ਦਾ ਜੀਵਨ ਦੂਭਰ ਹੋ ਗਿਆ ਹੈ। ਡੀਜ਼ਲ ਜਨਰੇਟਰਾਂ ‘ਤੇ ਨਿਰਭਰਤਾ ਵਧਣ ਕਾਰਨ ਛੋਟੇ ਵਪਾਰੀਆਂ ਅਤੇ ਉਦਯੋਗਪਤੀਆਂ ਦਾ ਆਰਥਿਕ ਲੱਕ ਟੁੱਟ ਗਿਆ ਹੈ, ਜਿਸ ਨਾਲ ਦਿਹਾੜੀਦਾਰ ਮਜ਼ਦੂਰਾਂ ਦੀ ਰੋਜ਼ੀ-ਰੋਟੀ ਵੀ ਪ੍ਰਭਾਵਿਤ ਹੋਈ ਹੈ।
ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਬੈਕਅੱਪ ਪਲਾਨ ਅਤੇ ਟਰਾਂਸਮਿਸ਼ਨ ਨੈੱਟਵਰਕ ਦੇ ਸੁਧਾਰ ਵੱਲ ਧਿਆਨ ਦੇਣ ਦੀ ਬਜਾਏ ਸਿਰਫ਼ ਇਸ਼ਤਿਹਾਰਬਾਜ਼ੀ ਤੱਕ ਸੀਮਤ ਹੈ। ਸਿੰਗਲਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਗਲੇ ਦੋ ਦਿਨਾਂ ਅੰਦਰ ਨਿਰਵਿਘਨ ਬਿਜਲੀ ਸਪਲਾਈ ਬਹਾਲ ਨਾ ਕੀਤੀ ਗਈ, ਤਾਂ ਭਾਜਪਾ ਆਮ ਜਨਤਾ ਅਤੇ ਵਪਾਰੀਆਂ ਨੂੰ ਨਾਲ ਲੈ ਕੇ ਸੜਕਾਂ ’ਤੇ ਉਤਰ ਕੇ ਤਿੱਖਾ ਰੋਸ ਪ੍ਰਦਰਸ਼ਨ ਕਰੇਗੀ।







