ਸਿਵਲ ਸਰਜਨ ਨੇ ਡੇਂਗੂ ਵਿਰੋਧੀ ਗਤਿਵਿਧਿਆਂ ਦਾ ਲਿਆ ਜਾਇਜ਼ਾ
ਡੇਂਗੂ ਤੋਂ ਬਚਣ ਲਈ ਜਾਗਰੂਕ ਹੋਣਾ ਅਤਿ ਜ਼ਰੂਰੀ: ਸਿਵਲ ਸਰਜਨ ਡਾ ਅਰਵਿੰਦ ਪਾਲ ਸਿੰਘ
ਫਤਿਹਗੜ੍ਹ ਸਾਹਿਬ, 14 ਸਤੰਬਰ 2026- ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਅਤੇ ਸਿਹਤ ਡਾਇਰੈਕਟਰ ਡਾ ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਅਰਵਿੰਦ ਪਾਲ ਸਿੰਘ ਵੱਲੋਂ ਜ਼ਿਲ੍ਹੇ ਅਧੀਨ ਹੋਟ ਸਪੋਟ ਏਰੀਆ ਵਿੱਚ ਡੇਂਗੂ ਵਿਰੋਧੀ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ।
ਜਿਲਾ ਟੀਕਾਕਰਨ ਅਫਸਰ ਡਾ ਰਾਜੇਸ਼ ਕੁਮਾਰ ਵੱਲੋਂ ਸਰਦਾਰ ਕਲੋਨੀ, ਜਿਲਾ ਐਪੀਡਮੋਲੋਜਿਸਟ ਡਾ.ਪ੍ਰਭਜੋਤ ਕੌਰ ਵੱਲੋਂ ਪ੍ਰੀਤਨਗਰ, ਸਰਹੰਦ ਨੇੜੇ ਆਮ ਖਾਸ ਬਾਗ, ਜਿਲਾ ਐਪੀਡਮੋਜਿਸਟ ਡਾ ਸੁਭਮ ਸੂਰੀ ਵੱਲੋਂ ਹਿਮਾਯੂਪੁਰ ਨੇੜੇ ਸਰਹੰਦ ਰੇਲਵੇ ਸਟੇਸਨ, ਸਕੂਲ ਹੈਲਥ ਮੈਡੀਕਲ ਅਫਸਰ ਡਾ ਨਵਨੀਤ ਕੌਰ ਵੱਲੋਂ ਜੱਟਪੁਰਾ ਮੁਹੱਲਾ ਸਰਹੰਦ ਨੇੜੇ ਗੁਰਦੁਆਰਾ ਸਿੰਘ ਸਭਾ ਅਤੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਵੱਲੋਂ ਆਪਣੇ ਆਪਣੇ ਖੇਤਰਾਂ ਵਿੱਚ ਡੇਂਗੂ ਵਿਰੋਧੀ ਟੀਮਾਂ ਵੱਲੋਂ ਮੱਛਰ ਦੇ ਲਾਰਵੇ ਦੀ ਚੈਕਿੰਗ ਕੀਤੀ ਗਈ ਅਤੇ ਘਰ ਘਰ ਜਾ ਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਵੀ ਕੀਤਾ ਗਿਆ।
ਚੈਕਿੰਗ ਦੌਰਾਨ ਮਿਲੇ ਮੱਛਰ ਦੇ ਲਾਰਵੇ ਨੂੰ ਮੌਕੇ ਤੇ ਨਸ਼ਟ ਕਰਵਾਇਆ ਗਿਆl ਸਿਵਲ ਸਰਜਨ ਡਾ.ਅਰਵਿੰਦ ਪਾਲ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਡੇਂਗੂ ਤੋਂ ਬਚਣ ਲਈ ਜਾਗਰੂਕ ਹੋਣਾ ਅਤਿ ਜ਼ਰੂਰੀ ਹੈ l ਉਹਨਾਂ ਕਿਹਾ ਕਿ ਘਰਾਂ ਦੇ ਆਸ ਪਾਸ ਅਤੇ ਘਰਾਂ ਵਿੱਚ ਮੌਜੂਦ ਕੂਲਰਾਂ,ਗਮਲਿਆਂ, ਟੁੱਟੇ ਭੱਜੇ ਵਰਤਨਾ ਫਰਿਜ ਦੀਆਂ ਟਰੇਆ ਅਤੇ ਟਾਇਰਾਂ ਵਿੱਚ ਪਾਣੀ ਜਮਾ ਨਾ ਹੋਣ ਦਿੱਤਾ ਜਾਵੇ ਅਤੇ ਸਾਫ ਸਫਾਈ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਵੇ।
ਉਹਨਾਂ ਦੱਸਿਆ ਕਿ ਡੇਂਗੂ ਦਾ ਮੱਛਰ 7 ਤੋਂ 10 ਦਿਨ ਵਿਚ ਅੰਡੇ ਤੋਂ ਪੂਰਾ ਮੱਛਰ ਬਣਦਾ ਹੈ, ਇਸ ਲਈ ਹਰ ਸ਼ੁਕਰਵਾਰ ਨੂੰ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਵੱਧ ਤੋਂ ਵੱਧ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਹਿਨੇ ਜਾਣ, ਮੱਛਰ ਭਜਾਊ ਕਰੀਮਾਂ ਦਾ ਇਸਤੇਮਾਲ ਅਤੇ ਸੌਣ ਸਮੇਂ ਮੱਛਰਦਾਨੀ ਦੀ ਵਰਤੋਂ ਕੀਤੀ ਜਾਵੇ। ਜਿਲਾ ਐਪੀਡਿਮੋਲਜਿਸਟ ਡਾ.ਪ੍ਰਭਜੋਤ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਡੇਂਗੂ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ ਲੋੜ ਪੈਣ ਤੇ ਸਾਨੂੰ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।
ਉਹਨਾਂ ਡੇਂਗੂ ਤੋਂ ਬਚਾਅ , ਇਸਦੇ ਚਿੰਨ, ਨਿਸ਼ਾਨੀਆਂ, ਲੱਛਣਾਂ ਅਤੇ ਇਸ ਦੇ ਇਲਾਜ ਸਬੰਧੀ ਵਿਸਥਾਰ ਸਹਿਤ ਜਾਣੂ ਕਰਵਾਇਆ। ਇਸ ਮੌਕੇ ਤੇ ਜਿਲ੍ਹਾ ਸਮੂਹ ਸਿੱਖਿਆਂ ਤੇ ਸੂਚਨਾ ਅਫਸਰ ਗੁਰਦੀਪ ਸਿੰਘ, ਅਮਨਪ੍ਰੀਤ ਸਿੰਘ, ਸਿਹਤ ਸੁਪਰਵਾਈਜ਼ਰ ਰਸ਼ਮਿੰਦਰ ਸਿੰਘ, ਗੁਰਪ੍ਰੀਤ ਸਿੰਘ,ਸੁਖਵਿੰਦਰ ਸਿੰਘ , ਮਲਟੀਪਰਪਜ ਹੈਲਥ ਵਰਕਰ ਤੇਜਿੰਦਰ ਸਿੰਘ, ਮਨਜਿੰਦਰ ਸਿੰਘ, ਹਰੀ ਸਿੰਘ, ਹਰਦੀਪ ਸਿੰਘ, ਕਰਮਜੀਤ ਸਿੰਘ, ਬਲਵਿੰਦਰ ਸਿੰਘ, ਇਨਸੈਕਟ ਕੁਲੈਕਟਰ ਮਨਦੀਪ ਕੌਰ, ਐਲ ਟੀ ਹਰਵਿੰਦਰ ਕੌਰ, ਬਰੀਡਿੰਗ ਚੈੱਕਰ ਹਰਦੀਪ ਸਿੰਘ ਤੋਂ ਇਲਾਵਾ ਆਮ ਲੋਕ ਹਾਜ਼ਰ ਸਨ।







