ਰੂਪਨਗਰ: ਪਾਈਪ ਰਾਹੀਂ ਕੁਦਰਤੀ ਗੈਸ ਦੀ ਸਹੂਲਤ ਵਾਲੇ ਖੇਤਰਾਂ ‘ਚ 15 ਸਤੰਬਰ ਤੋਂ ਰਸੋਈ ਗੈਸ ਦੀ ਸਪਲਾਈ ਹੋਵੇਗੀ ਬੰਦ

Top Trending News ਪੰਜਾਬ

 

ਰੂਪਨਗਰ: ਪਾਈਪ ਰਾਹੀਂ ਕੁਦਰਤੀ ਗੈਸ ਦੀ ਸਹੂਲਤ ਵਾਲੇ ਖੇਤਰਾਂ ‘ਚ 15 ਸਤੰਬਰ ਤੋਂ ਰਸੋਈ ਗੈਸ ਦੀ ਸਪਲਾਈ ਹੋਵੇਗੀ ਬੰਦ

ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਤੁਰੰਤ ਪਾਈਪ ਰਾਹੀਂ ਕੁਦਰਤੀ ਗੈਸ ਦਾ ਕੁਨੈਕਸ਼ਨ ਲੈਣ ਦੀ ਕੀਤੀ ਅਪੀਲ

ਰੂਪਨਗਰ, 14 ਸਤੰਬਰ: ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਅਦਿੱਤਿਆ ਡੇਚਲਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਰਿਹਾਇਸ਼ੀ ਖੇਤਰਾਂ ਵਿੱਚ ਪਾਈਪ ਰਾਹੀਂ ਕੁਦਰਤੀ ਗੈਸ ਦੀ ਸਹੂਲਤ ਉਪਲਬਧ ਹੋ ਚੁੱਕੀ ਹੈ, ਉਹ ਬਿਨਾਂ ਕਿਸੇ ਦੇਰੀ ਦੇ ਇਸ ਗੈਸ ਦਾ ਕੁਨੈਕਸ਼ਨ ਲੈਣ ਲਈ ਅਰਜ਼ੀ ਦੇਣ ਅਤੇ ਕੁਨੈਕਸ਼ਨ ਪ੍ਰਾਪਤ ਕਰਨ ਤਾਂ ਜੋ ਘਰੇਲੂ ਰਸੋਈ ਗੈਸ ਦੀ ਸਪਲਾਈ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਦੱਸਿਆ ਕਿ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੂੰ ਰੂਪਨਗਰ ਜ਼ਿਲ੍ਹੇ ਵਿੱਚ ਸ਼ਹਿਰੀ ਗੈਸ ਵੰਡ ਜਾਲ ਦੇ ਵਿਕਾਸ, ਸੰਚਾਲਨ ਅਤੇ ਵਿਸਥਾਰ ਲਈ ਅਧਿਕਾਰਤ ਕੀਤਾ ਗਿਆ ਹੈ। ਜ਼ਿਲ੍ਹੇ ਦੇ ਸਬੰਧਤ ਖੇਤਰਾਂ ਵਿੱਚ ਪਾਈਪ ਰਾਹੀਂ ਕੁਦਰਤੀ ਗੈਸ ਦੀ ਲੋੜੀਂਦੀ ਬੁਨਿਆਦੀ ਸਹੂਲਤ ਸਥਾਪਤ ਕੀਤੀ ਜਾ ਚੁੱਕੀ ਹੈ ਅਤੇ ਕਈ ਰਿਹਾਇਸ਼ੀ ਖੇਤਰਾਂ ਵਿੱਚ ਇਸ ਦੀ ਕੁਨੈਕਟੀਵਿਟੀ ਉਪਲਬਧ ਹੈ। ਇਸ ਸਬੰਧੀ ਖਪਤਕਾਰਾਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾ ਚੁੱਕਾ ਹੈ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਵੱਲੋਂ 31 ਮਈ 2026 ਨੂੰ ਜਨਤਕ ਸੂਚਨਾ ਵੀ ਜਾਰੀ ਕੀਤੀ ਗਈ ਸੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾਈਪ ਰਾਹੀਂ ਕੁਦਰਤੀ ਗੈਸ ਦੀ ਸਹੂਲਤ ਉਪਲਬਧ ਹੋਣ ਅਤੇ ਪਹਿਲਾਂ ਸੂਚਨਾ ਦਿੱਤੇ ਜਾਣ ਦੇ ਬਾਵਜੂਦ ਜੇਕਰ ਕਿਸੇ ਖਪਤਕਾਰ ਵੱਲੋਂ ਅਜੇ ਤੱਕ ਇਸ ਕੁਨੈਕਸ਼ਨ ਲਈ ਅਰਜ਼ੀ ਨਹੀਂ ਦਿੱਤੀ ਗਈ ਤਾਂ ਉਹ ਤੁਰੰਤ ਅਰਜ਼ੀ ਦੇਵੇ। ਭਾਰਤ ਸਰਕਾਰ ਦੀ 24 ਮਾਰਚ 2026 ਦੀ ਰਾਜਪੱਤਰ ਅਧਿਸੂਚਨਾ ਦੀ ਧਾਰਾ-7 ਅਨੁਸਾਰ, ਜਿਨ੍ਹਾਂ ਪਰਿਸਰਾਂ ਵਿੱਚ ਪਾਈਪ ਰਾਹੀਂ ਕੁਦਰਤੀ ਗੈਸ ਉਪਲਬਧ ਹੈ, ਉੱਥੇ ਜਲਦ ਤੋਂ ਜਲਦ ਖਪਤਕਾਰਾਂ ਵੱਲੋਂ ਪਾਈਪ ਗੈਸ ਲਹਵਾਉਣ ਦੇ ਯੋਗ ਯਤਨ ਕੀਤੇ ਜਾਣ।

ਉਨ੍ਹਾਂ ਦੱਸਿਆ ਕਿ ਪਾਈਪ ਰਾਹੀਂ ਕੁਦਰਤੀ ਗੈਸ ਦਾ ਕੁਨੈਕਸ਼ਨ ਦੇਣ ਦੀ ਪ੍ਰਕਿਰਿਆ ਵਿੱਚ ਆਖਰੀ ਪੜਾਅ ਦੀ ਕੁਨੈਕਟੀਵਿਟੀ, ਸਥਾਪਨਾ ਅਤੇ ਚਾਲੂ ਕਰਨ ਦੀ ਕਾਰਵਾਈ ਸ਼ਾਮਲ ਹੈ, ਜਿਸ ਨੂੰ ਸਥਾਨ ਦੀਆਂ ਸਥਿਤੀਆਂ ਅਨੁਸਾਰ ਦੇ ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ। ਇਸ ਲਈ ਖਪਤਕਾਰ ਆਖਰੀ ਮਿਤੀ ਦੀ ਉਡੀਕ ਨਾ ਕਰਨ ਅਤੇ ਸਮੇਂ ਸਿਰ ਕੁਨੈਕਸ਼ਨ ਲਈ ਅਰਜ਼ੀ ਦੇਣ।

ਉਨ੍ਹਾਂ ਦੱਸਿਆ ਕਿ ਕੁਨੈਕਸ਼ਨ ਲੈਣ ਲਈ ਰੂਪਨਗਰ ਸ਼ਹਿਰ ਦੇ ਸਨਸਿਟੀ-1 ਵਿਖੇ ਕਮਲ ਨਰਸਿੰਗ ਹੋਮ ਦੇ ਸਾਹਮਣੇ ਸਥਿਤ ਸੰਪਰਕ ਕੇਂਦਰ, ਐਸ.ਸੀ.ਐਫ.-9 ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸਬੰਧੀ 73409-98992 ਅਤੇ 01881-505487 ‘ਤੇ ਫ਼ੋਨ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਸ੍ਰੀ ਆਨੰਦਪੁਰ ਸਾਹਿਬ ਅਕੈਡਮੀ ਰੋਡ ‘ਤੇ ਹੌਲੀ ਸਿਟੀ ਹੋਟਲ ਦੇ ਨੇੜੇ ਸਥਿਤ ਸੰਪਰਕ ਕੇਂਦਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਲਈ 62808-84545 ‘ਤੇ ਫ਼ੋਨ ਰਾਹੀਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਨੰਗਲ ਵਿਖੇ ਅਜੌਲੀ ਮੋੜ ਨੇੜੇ, ਫੇਜ਼-1 ਦੀ 105-ਸ਼ਿਵਾਲਿਕ ਐਵੇਨਿਊ ਵਿਖੇ ਸਥਿਤ ਸੰਪਰਕ ਕੇਂਦਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸਬੰਧੀ 70876-40117 ‘ਤੇ ਫੋਨ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਰੇਲੂ ਰਸੋਈ ਗੈਸ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਪਾਈਪ ਰਾਹੀਂ ਕੁਦਰਤੀ ਗੈਸ ਦਾ ਕੁਨੈਕਸ਼ਨ ਸਮੇਂ ਸਿਰ ਪ੍ਰਾਪਤ ਕਰਨ ਅਤੇ ਆਖਰੀ ਮਿਤੀ ਦੀ ਉਡੀਕ ਨਾ ਕਰਨ।