US ’ਚ ਵਿਦੇਸ਼ੀ ਵਿਦਿਆਰਥੀਆਂ ਅਤੇ ਪੱਤਰਕਾਰਾਂ ਨੂੰ ਵੱਡੀ ਰਾਹਤ; ਟਰੰਪ ਪ੍ਰਸ਼ਾਸਨ ਦੀ ਨਵੀਂ ਵੀਜ਼ਾ ਨੀਤੀ ’ਤੇ ਕੋਰਟ ਨੇ ਲਾਈ ਰੋਕ
ਵਾਸ਼ਿੰਗਟਨ 15 ਸਤੰਬਰ 2026
ਅਮਰੀਕਾ ਵਿੱਚ ਪੜ੍ਹਾਈ ਅਤੇ ਕੰਮ ਕਰਨ ਦੀ ਯੋਜਨਾ ਬਣਾ ਰਹੇ ਵਿਦੇਸ਼ੀ ਵਿਦਿਆਰਥੀਆਂ ਅਤੇ ਪੱਤਰਕਾਰਾਂ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਸੰਘੀ ਅਦਾਲਤ ਨੇ ਟਰੰਪ ਪ੍ਰਸ਼ਾਸਨ ਵੱਲੋਂ ਲਿਆਂਦੀ ਨਵੀਂ ਵੀਜ਼ਾ ਨੀਤੀ ਦੇ ਅਮਲ ’ਤੇ ਫਿਲਹਾਲ ਅਸਥਾਈ ਰੋਕ ਲਗਾ ਦਿੱਤੀ ਹੈ। ਨਵੀਂ ਨੀਤੀ ਤਹਿਤ ਵਿਦੇਸ਼ੀ ਵਿਦਿਆਰਥੀਆਂ ਦੇ ਅਮਰੀਕਾ ਵਿੱਚ ਰਹਿਣ ਦੀ ਮਿਆਦ ਸੀਮਤ ਕਰਨ ਅਤੇ ਵਿਦੇਸ਼ੀ ਪੱਤਰਕਾਰਾਂ ਲਈ ਵੀਜ਼ਾ ਨਿਯਮ ਹੋਰ ਸਖ਼ਤ ਕਰਨ ਦੀ ਵਿਵਸਥਾ ਕੀਤੀ ਗਈ ਸੀ।
ਇਹ ਅਦਾਲਤੀ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਨਵੇਂ ਨਿਯਮ ਅਗਲੇ ਹੀ ਦਿਨ ਤੋਂ ਲਾਗੂ ਹੋਣੇ ਸਨ। ਅਦਾਲਤ ਨੇ ਮਾਮਲੇ ਦੀ ਅੰਤਿਮ ਸੁਣਵਾਈ ਹੋਣ ਤੱਕ ਮੌਜੂਦਾ ਸਥਿਤੀ ਬਰਕਰਾਰ ਰੱਖਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਨਵੀਂ ਵੀਜ਼ਾ ਨੀਤੀ ਦੀ ਲੋੜ ਅਤੇ ਇਸ ਦੇ ਸੰਭਾਵਿਤ ਪ੍ਰਭਾਵਾਂ ਨੂੰ ਲੈ ਕੇ ਵੀ ਗੰਭੀਰ ਸਵਾਲ ਉਠਾਏ ਹਨ।
ਨਿਯਮ ਲਾਗੂ ਹੋਣ ਤੋਂ ਇੱਕ ਦਿਨ ਪਹਿਲਾਂ ਲੱਗੀ ਰੋਕ
ਨਿਊਜ਼ ਏਜੰਸੀ ਏਪੀ ਮੁਤਾਬਕ ਅਮਰੀਕਾ ਦੇ ਡਿਸਟ੍ਰਿਕਟ ਜੱਜ ਡੈਨਿਸ ਸਾਇਲਰ ਨੇ ਸੋਮਵਾਰ ਨੂੰ ਪ੍ਰਿਲਿਮਿਨਰੀ ਇੰਜੰਕਸ਼ਨ ਜਾਰੀ ਕਰਦਿਆਂ ਟਰੰਪ ਪ੍ਰਸ਼ਾਸਨ ਦੀ ਨਵੀਂ ਵੀਜ਼ਾ ਨੀਤੀ ਦੇ ਅਮਲ ’ਤੇ ਅਸਥਾਈ ਰੋਕ ਲਗਾ ਦਿੱਤੀ। ਇਹ ਹੁਕਮ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (DHS) ਦੇ ਨਵੇਂ ਨਿਯਮ ਲਾਗੂ ਹੋਣ ਤੋਂ ਠੀਕ ਇੱਕ ਦਿਨ ਪਹਿਲਾਂ ਆਇਆ।
ਅਦਾਲਤ ਨੇ ਫਿਲਹਾਲ ਨੀਤੀ ਨੂੰ ਰੋਕਦਿਆਂ ਇਸ ਮਾਮਲੇ ਦੇ ਗੁਣ-ਦੋਸ਼ ’ਤੇ ਕੋਈ ਅੰਤਿਮ ਫੈਸਲਾ ਨਹੀਂ ਸੁਣਾਇਆ। ਮਾਮਲੇ ਦੀ ਅਗਲੀ ਸੁਣਵਾਈ 2 ਅਕਤੂਬਰ ਨੂੰ ਹੋਵੇਗੀ। ਉਦੋਂ ਤੱਕ ਵਿਦੇਸ਼ੀ ਵਿਦਿਆਰਥੀਆਂ ਅਤੇ ਪੱਤਰਕਾਰਾਂ ਲਈ ਨਵੀਂ ਵੀਜ਼ਾ ਨੀਤੀ ਦੇ ਲਾਗੂ ਹੋਣ ’ਤੇ ਰੋਕ ਜਾਰੀ ਰਹੇਗੀ।







