ਵਿਆਹ ਪੁਰਬ ਦੇ ਨਗਰ ਕੀਰਤਨ ਦੌਰਾਨ ਤਕਰਾਰ ਤੋਂ ਬਾਅਦ ਝੜਪ, ਇੱਕ ਜ਼ਖਮੀ

Top Trending News ਪੰਜਾਬ

 

ਵਿਆਹ ਪੁਰਬ ਦੇ ਨਗਰ ਕੀਰਤਨ ਦੌਰਾਨ ਤਕਰਾਰ ਤੋਂ ਬਾਅਦ ਝੜਪ, ਇੱਕ ਜ਼ਖਮੀ

ਟਰੈਫਿਕ ਜਾਮ ਨੂੰ ਲੈ ਕੇ ਨਿਹੰਗ ਸਿੰਘਾਂ ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਿਚਾਲੇ ਹੋਇਆ ਵਿਵਾਦ; ਘਟਨਾ CCTV ’ਚ ਕੈਦ

ਕਪੂਰਥਲਾ 17 ਸਤੰਬਰ 2026

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਕੱਢੇ ਜਾ ਰਹੇ ਵਿਸ਼ਾਲ ਨਗਰ ਕੀਰਤਨ ਦੌਰਾਨ ਕਪੂਰਥਲਾ ਦੇ ਪਿੰਡ ਭੰਡਾਲ ਬੇਟ ਵਿਖੇ ਟਰੈਫਿਕ ਨੂੰ ਲੈ ਕੇ ਨਿਹੰਗ ਸਿੰਘਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਤ ਮੁਲਾਜ਼ਮਾਂ ਵਿਚਾਲੇ ਤਕਰਾਰ ਹੋਣ ਦੀ ਘਟਨਾ ਸਾਹਮਣੇ ਆਈ ਹੈ।

ਦੱਸਿਆ ਜਾ ਰਿਹਾ ਹੈ ਕਿ ਮਾਮਲਾ ਵਧਣ ਤੋਂ ਬਾਅਦ ਝੜਪ ਹੋ ਗਈ, ਜਿਸ ਵਿੱਚ ਇੱਕ ਸ਼੍ਰੋਮਣੀ ਕਮੇਟੀ ਮੁਲਾਜ਼ਮ ਜ਼ਖਮੀ ਹੋ ਗਿਆ। ਘਟਨਾ CCTV ਕੈਮਰੇ ਵਿੱਚ ਵੀ ਕੈਦ ਹੋਣ ਦੀ ਜਾਣਕਾਰੀ ਹੈ।

ਮਿਲੀ ਜਾਣਕਾਰੀ ਅਨੁਸਾਰ ਨਗਰ ਕੀਰਤਨ ਵਿੱਚ ਸ਼ਾਮਲ ਵਾਹਨਾਂ ਦੀ ਲੰਮੀ ਕਤਾਰ ਕਾਰਨ ਭੰਡਾਲ ਬੇਟ ਵਿਖੇ ਟਰੈਫਿਕ ਜਾਮ ਹੋ ਗਿਆ ਸੀ। ਇਸ ਦੌਰਾਨ ਕੁਝ ਨਿਹੰਗ ਸਿੰਘਾਂ ਦੀਆਂ ਗੱਡੀਆਂ ਵੀ ਜਾਮ ਵਿੱਚ ਫਸ ਗਈਆਂ। ਗੱਡੀ ਪਾਸੇ ਕਰਨ ਨੂੰ ਲੈ ਕੇ ਦੋਹਾਂ ਧਿਰਾਂ ਵਿਚਾਲੇ ਬਹਿਸ ਹੋਈ, ਜੋ ਬਾਅਦ ਵਿੱਚ ਝੜਪ ਵਿੱਚ ਬਦਲ ਗਈ।

ਇਸ ਦੌਰਾਨ ਕਥਿਤ ਤੌਰ ’ਤੇ ਕਿਰਪਾਨ ਨਾਲ ਵਾਰ ਹੋਣ ਕਾਰਨ ਇੱਕ ਸ਼੍ਰੋਮਣੀ ਕਮੇਟੀ ਮੁਲਾਜ਼ਮ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਮੌਕੇ ’ਤੇ ਮੌਜੂਦ ਪੁਲਿਸ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾਇਆ।

ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦੀ ਅਧਿਕਾਰਤ ਜਾਣਕਾਰੀ ਅਤੇ ਦੋਹਾਂ ਧਿਰਾਂ ਦੇ ਪੱਖ ਸਾਹਮਣੇ ਆਉਣੇ ਬਾਕੀ ਹਨ।