ਗਰਭਵਤੀ ਲਿਵ-ਇਨ ਪਾਟਨਰ ਦਾ ਬੇਰਹਿਮੀ ਨਾਲ ਕਤਲ
ਜੈਪੁਰ, 30 ਸਤੰਬਰ 2026: ਜੈਪੁਰ ਵਿੱਚ ਅੱਠ ਮਹੀਨਿਆਂ ਦੀ ਗਰਭਵਤੀ ਔਰਤ ਦਾ ਕਥਿਤ ਤੌਰ ’ਤੇ ਉਸ ਦੇ ਲਿਵ-ਇਨ ਸਾਥੀ ਵੱਲੋਂ ਗਲਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਕਤਲ ਤੋਂ ਬਾਅਦ ਮੁਲਜ਼ਮ ਨੇ ਔਰਤ ਦੀ ਲਾਸ਼ ਕਿਰਾਏ ਦੇ ਮਕਾਨ ਦੇ ਲਾਅਨ ਵਿੱਚ ਟੋਆ ਪੁੱਟ ਕੇ ਦੱਬ ਦਿੱਤੀ ਅਤੇ ਫਰਾਰ ਹੋ ਗਿਆ।
ਮੁਲਜ਼ਮ ਦੀ ਪਛਾਣ 22 ਸਾਲਾ ਪ੍ਰਵੇਸ਼ ਰਾਵਤ ਵਜੋਂ ਹੋਈ ਹੈ, ਜਿਸ ਨੂੰ ਪੁਲਿਸ ਨੇ ਉਸ ਦੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਸਰਹੱਦ ਨੇੜਿਓਂ ਗ੍ਰਿਫ਼ਤਾਰ ਕਰ ਲਿਆ। ਮ੍ਰਿਤਕ ਔਰਤ ਦੀ ਪਛਾਣ 32 ਸਾਲਾ ਕਿਰਨ ਵਜੋਂ ਹੋਈ ਹੈ।
ਪੁਲਿਸ ਅਨੁਸਾਰ, ਰਾਵਤ ਨੂੰ ਕਿਰਨ ’ਤੇ ਸ਼ੱਕ ਸੀ ਅਤੇ ਦੋਵਾਂ ਵਿਚਕਾਰ ਇਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ ਕਿ ਉਹ ਉਸ ਦਾ ਮੋਬਾਈਲ ਫੋਨ ਵਰਤਦੀ ਸੀ। ਕਥਿਤ ਕਤਲ ਤੋਂ ਕਰੀਬ ਚਾਰ ਦਿਨ ਬਾਅਦ ਪੁਲਿਸ ਨੇ ਬਿੰਦਾਯਕਾ ਇਲਾਕੇ ਸਥਿਤ ਮਕਾਨ ਦੇ ਲਾਅਨ ਵਿੱਚੋਂ ਪੁੱਟੇ ਗਏ ਟੋਏ ’ਚੋਂ ਕਿਰਨ ਦੀ ਲਾਸ਼ ਬਰਾਮਦ ਕੀਤੀ।
ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ। ਪੁਲਿਸ ਘਟਨਾ ਦੇ ਪੂਰੇ ਕਾਰਨਾਂ, ਘਟਨਾਕ੍ਰਮ ਅਤੇ ਮੌਤ ਨਾਲ ਜੁੜੇ ਹੋਰ ਤੱਥਾਂ ਦੀ ਜਾਂਚ ਕਰ ਰਹੀ ਹੈ।







