ਸੋਮਾਲੀਆ ’ਚ ਸਮੁੰਦਰੀ ਡਾਕੂਆਂ ਵੱਲੋਂ ਅਗਵਾ ਟੈਂਕਰ ’ਤੇ 5 ਮਲਾਹਾਂ ਦੀ ਮੌਤ, ਮ੍ਰਿਤਕਾਂ ’ਚ ਭਾਰਤੀ ਵੀ ਸ਼ਾਮਲ
ਦੁਬਈ, 1 ਅਕਤੂਬਰ 2026- ਸੋਮਾਲੀਆ ’ਚ ਸਮੁੰਦਰੀ ਡਾਕੂਆਂ ਵੱਲੋਂ ਅਗਵਾ ਕੀਤੇ ਗਏ ਇਕ ਤੇਲ ਟੈਂਕਰ ’ਤੇ ਸਵਾਰ ਪੰਜ ਚਾਲਕ ਦਲ ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ’ਚ ਇਕ ਭਾਰਤੀ ਮਲਾਹ ਵੀ ਸ਼ਾਮਲ ਹੈ। ਇਸ ਘਟਨਾ ਦੌਰਾਨ ਤਿੰਨ ਪਾਕਿਸਤਾਨੀ ਅਤੇ ਇਕ ਭਾਰਤੀ ਮਲਾਹ ਜ਼ਖ਼ਮੀ ਹੋਏ ਹਨ।
ਸੋਮਾਲੀਆ ਦੇ ਸੁਰੱਖਿਆ ਬਲਾਂ ਨੇ ਕਾਰਵਾਈ ਕਰਦਿਆਂ ਟੈਂਕਰ ਨੂੰ ਮੁੜ ਆਪਣੇ ਕਬਜ਼ੇ ’ਚ ਲੈ ਲਿਆ। ਪੁੰਟਲੈਂਡ ਮੈਰੀਟਾਈਮ ਪੁਲਿਸ ਫੋਰਸ (ਪੀ.ਐੱਮ.ਪੀ.ਐੱਫ.) ਮੁਤਾਬਕ ਮੰਗਲਵਾਰ ਸਵੇਰੇ ਹੋਈ ਕਾਰਵਾਈ ਦੌਰਾਨ ਤਿੰਨ ਪਾਕਿਸਤਾਨੀ, ਇਕ ਭਾਰਤੀ ਅਤੇ ਮਿਆਂਮਾਰ ਦੇ ਇਕ ਨਾਗਰਿਕ ਦੀ ਮੌਤ ਹੋਈ। ਸੁਰੱਖਿਆ ਬਲਾਂ ਨੇ 16 ਸ਼ੱਕੀ ਸਮੁੰਦਰੀ ਡਾਕੂਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਯੂਰਪੀ ਸੰਘ ਦੀ ਸਮੁੰਦਰੀ ਫ਼ੌਜ ‘ਈ.ਯੂ.ਐੱਨ.ਏ.ਵੀ.ਐੱਫ.ਓ.ਆਰ.’ ਮੁਤਾਬਕ ਇਹ ਟੈਂਕਰ ਅਪ੍ਰੈਲ ਮਹੀਨੇ ’ਚ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵੱਲ ਜਾਂਦੇ ਸਮੇਂ ਅਗਵਾ ਕੀਤਾ ਗਿਆ ਸੀ। ਜਹਾਜ਼ ’ਤੇ ਲਗਭਗ 17 ਮਲਾਹ ਸਵਾਰ ਸਨ ਅਤੇ ਇਸ ’ਚ ਤੇਲ ਉਤਪਾਦਾਂ ਦੀ ਖੇਪ ਲੱਦੀ ਹੋਈ ਸੀ। ਟੈਂਕਰ ਨੂੰ ਮੁੜ ਕਬਜ਼ੇ ’ਚ ਲੈਣ ਤੋਂ ਬਾਅਦ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।







