ਅੰਮ੍ਰਿਤਸਰ ਸਰਹੱਦ ’ਤੇ BSF ਦੀ ਵੱਡੀ ਕਾਰਵਾਈ, 5 ਕਿਲੋ ਅਫੀਮ ਤੇ 5 ਕਿਲੋ ਹੈਰੋਇਨ ਸਮੇਤ ਡਰੋਨ ਬਰਾਮਦ
ਅੰਮ੍ਰਿਤਸਰ, 7 ਅਕਤੂਬਰ 2026: ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਅੰਮ੍ਰਿਤਸਰ ਖੇਤਰ ਵਿੱਚ ਬੀਐਸਐਫ ਨੇ ਵੱਖ-ਵੱਖ ਕਾਰਵਾਈਆਂ ਦੌਰਾਨ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਸੁਰੱਖਿਆ ਬਲ ਨੇ ਕੁੱਲ 5.050 ਕਿਲੋ ਅਫੀਮ ਅਤੇ 5.012 ਕਿਲੋ ਹੈਰੋਇਨ ਬਰਾਮਦ ਕੀਤੀ। ਦੂਜੀ ਕਾਰਵਾਈ ਦੌਰਾਨ ਹੈਰੋਇਨ ਦੇ ਨਾਲ ਇੱਕ ਡਰੋਨ ਵੀ ਕਬਜ਼ੇ ਵਿੱਚ ਲਿਆ ਗਿਆ।
ਪਹਿਲੀ ਕਾਰਵਾਈ ਲੋਪੋਕੇ ਥਾਣੇ ਅਧੀਨ ਪੁਲਮੋਰਾਂ ਬੀਓਪੀ ਇਲਾਕੇ ਵਿੱਚ ਹੋਈ। 100 ਬਟਾਲੀਅਨ ਬੀਐਸਐਫ ਦੀ ‘ਏ’ ਕੰਪਨੀ ਨੂੰ ਇੱਕ ਸ਼ੱਕੀ ਪੈਕੇਟ ਮਿਲਿਆ। ਜਾਂਚ ਕਰਨ ’ਤੇ ਇਸ ਵਿੱਚੋਂ 5.050 ਕਿਲੋ ਅਫੀਮ ਬਰਾਮਦ ਹੋਈ। ਪੈਕੇਟ ਵਿੱਚੋਂ ਕਰੀਬ 490 ਗ੍ਰਾਮ ਪੈਕਿੰਗ ਸਮੱਗਰੀ ਵੀ ਮਿਲੀ। ਇਸ ਮਾਮਲੇ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਦੂਜੀ ਕਾਰਵਾਈ ਘਰਿੰਡਾ ਥਾਣਾ ਖੇਤਰ ਵਿੱਚ ਹੋਈ, ਜਿੱਥੇ ਗਸ਼ਤ ਦੌਰਾਨ ਸ਼ੱਕੀ ਪੈਕੇਟ ਮਿਲਿਆ। ਜਾਂਚ ਵਿੱਚ 5 ਕਿਲੋ 12 ਗ੍ਰਾਮ ਹੈਰੋਇਨ ਅਤੇ ਇੱਕ ਡੀਜੇਆਈ ਮੈਟ੍ਰਿਸ 400 ਡਰੋਨ ਬਰਾਮਦ ਹੋਇਆ। ਦੋਵਾਂ ਮਾਮਲਿਆਂ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਪੁਲਿਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।







