- ਇਮੀਗ੍ਰੇਸ਼ਨ ਦੇ ਮੌਕੇ ਮੌਜੂਦ, ਪਰ ਯੋਗਤਾ ਤੇ ਨਿਯਮਾਂ ਦੀ ਪਾਲਣਾ ਕਰਨਾ ਸਭ ਤੋਂ ਅਹਿਮ : ਸੰਧੂ
- 10 ਤੇ 11 ਅਕਤੂਬਰ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੈਗਾ ਇਮੀਗ੍ਰੇਸ਼ਨ ਸੈਮੀਨਾਰ
ਚੰਡੀਗੜ੍ਹ, 8 ਅਕਤੂਬਰ (ਦੇਸ਼ ਕਲਿੱਕ ਬਿਊਰੋ): ਦੁਨੀਆ ਭਰ ਵਿੱਚ ਬਦਲ ਰਹੇ ਇਮੀਗ੍ਰੇਸ਼ਨ ਮਾਹੌਲ ਦਰਮਿਆਨ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ ਅਜੇ ਵੀ ਮੌਕੇ ਮੌਜੂਦ ਹਨ, ਪਰ ਇਮੀਗ੍ਰੇਸ਼ਨ ਪ੍ਰਕਿਰਿਆ ਪਹਿਲਾਂ ਨਾਲੋਂ ਵਧੇਰੇ ਹੁਨਰ-ਅਧਾਰਿਤ ਅਤੇ ਚੋਣਵੀਂ ਹੋ ਗਈ ਹੈ। ਇਨ੍ਹਾਂ ਮੌਕਿਆਂ ਨੂੰ ਹੁਣ ਕਈ ਦੇਸ਼ਾਂ ਦੀਆਂ ਅਸਲ ਲੇਬਰ ਮਾਰਕੀਟ ਦੀਆਂ ਲੋੜਾਂ ਨਾਲ ਜੋੜਿਆ ਜਾ ਰਿਹਾ ਹੈ।
ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਇਕ ਕਾਨਫਰੰਸ ਦੌਰਾਨ ਡਬਲਿਊਡਬਲਿਊਆਈਸੀਐਸ ਗਰੁੱਪ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਲੈਫਟੀਨੈਂਟ ਕਰਨਲ ਬੀ.ਐਸ. ਸੰਧੂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਵਿਸ਼ਵ ਭਰ ਵਿੱਚ ਇਮੀਗ੍ਰੇਸ਼ਨ ਨੀਤੀਆਂ ਵਿੱਚ ਕਾਫ਼ੀ ਤਬਦੀਲੀ ਆਈ ਹੈ। ਅਜਿਹੇ ਹਾਲਾਤ ਵਿੱਚ ਅਰਜ਼ੀ ਦੇਣ ਤੋਂ ਪਹਿਲਾਂ ਆਪਣੀ ਯੋਗਤਾ ਦਾ ਸਹੀ ਮੁਲਾਂਕਣ ਕਰਨਾ ਅਤੇ ਸਾਰੇ ਦਸਤਾਵੇਜ਼ ਪੂਰੇ ਰੱਖਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਚੰਗੀ ਯੋਗਤਾ ਅਤੇ ਪੇਸ਼ੇਵਰ ਤਜ਼ਰਬੇਕਾਰ ਲੋਕਾਂ ਲਈ ਮੌਕੇ ਅੱਜ ਵੀ ਮੌਜੂਦ ਹਨ, ਪਰ ਉਨ੍ਹਾਂ ਨੂੰ ਆਪਣੀ ਯੋਗਤਾ ਅਤੇ ਨਿਯਮਾਂ ਦੀ ਪਾਲਣਾ ਨੂੰ ਪਹਿਲ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਦੀ ਯੋਜਨਾ ਬਣਾਉਣ ਵਾਲਿਆਂ ਨੂੰ ਸਿਰਫ਼ ਸੁਰਖੀਆਂ ਦੇ ਆਧਾਰ ’ਤੇ ਫੈਸਲਾ ਨਹੀਂ ਲੈਣਾ ਚਾਹੀਦਾ। ਅਧੂਰੇ ਦਸਤਾਵੇਜ਼, ਗਲਤ ਇਮੀਗ੍ਰੇਸ਼ਨ ਰਸਤੇ ਦੀ ਚੋਣ, ਲੋੜੀਂਦੇ ਭਾਸ਼ਾ ਸਕੋਰ ਦੀ ਕਮੀ ਅਤੇ ਪੇਸ਼ੇ ਜਾਂ ਯੋਗਤਾ ਨਾਲ ਸਬੰਧਤ ਸ਼ਰਤਾਂ ਦੀ ਅਣਜਾਣਤਾ, ਅਰਜ਼ੀ ਲਈ ਮੁਸ਼ਕਲਾਂ ਪੈਦਾ ਕਰ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਕੈਨੇਡਾ ਵਿੱਚ ਹੈਲਥ-ਕੇਅਰ, ਐਸਟੀਈਐਮ, ਵੱਖ ਵੱਖ ਟਰੇਡਜ਼, ਸਿੱਖਿਆ ਅਤੇ ਟਰਾਂਸਪੋਰਟ ਖੇਤਰਾਂ ਨਾਲ ਸਬੰਧਤ ਹੁਨਰਮੰਦ ਲੋਕਾਂ ਲਈ ਮੌਕੇ ਮੌਜੂਦ ਹਨ। ਫਰੈਂਚ ਭਾਸ਼ਾ ਜਾਣਨ ਵਾਲਿਆਂ ਅਤੇ ਕੁਝ ਵਿਸ਼ੇਸ਼ ਹੁਨਰਾਂ ਵਾਲੇ ਲੋਕਾਂ ਲਈ ਵੀ ਵਿਕਲਪ ਉਪਲੱਬਧ ਹਨ। ਇਸ ਤੋਂ ਇਲਾਵਾ ਆਸਟ੍ਰੇਲੀਆ ਵਿੱਚ ਸਕਿਲਡ ਮਾਈਗ੍ਰੇਸ਼ਨ, ਨਿਊਜ਼ੀਲੈਂਡ ਵਿੱਚ ਸਕਿਲਡ ਮਾਈਗ੍ਰੈਂਟ ਕੈਟੇਗਰੀ ਅਤੇ ਅਮਰੀਕਾ ਵਿੱਚ ਈਬੀ-5 ਵਰਗੇ ਇਮੀਗ੍ਰੇਸ਼ਨ ਰਸਤੇ ਮੌਜੂਦ ਹਨ।
ਗਰੁੱਪ ਦੇ ਵਾਈਸ ਪ੍ਰੈਜ਼ੀਡੈਂਟ ਅਮਿਤ ਖੰਨਾ ਨੇ ਕਿਹਾ ਕਿ ਇਮੀਗ੍ਰੇਸ਼ਨ ਦਾ ਅਰਥ ਸਿਰਫ਼ ਦੇਸ਼ ਦੀ ਚੋਣ ਕਰਕੇ ਅਰਜ਼ੀ ਦੇਣਾ ਨਹੀਂ, ਸਗੋਂ ਆਪਣੀ ਪ੍ਰੋਫਾਈਲ ਮੁਤਾਬਕ ਸਭ ਤੋਂ ਢੁਕਵੇਂ ਕਾਨੂੰਨੀ ਰਸਤੇ ਦੀ ਚੋਣ ਕਰਨਾ ਹੈ। ਉਨ੍ਹਾਂ ਕਿਹਾ ਕਿ ਉਮਰ, ਸਿੱਖਿਆ, ਕੰਮ ਦਾ ਤਜਰਬਾ, ਭਾਸ਼ਾ ਦੀ ਸਮਰੱਥਾ, ਪੇਸ਼ਾ, ਲਾਇਸੈਂਸ, ਤਨਖਾਹ, ਵਿੱਤੀ ਸਮਰੱਥਾ ਅਤੇ ਪਰਿਵਾਰਕ ਹਾਲਾਤ ਯੋਗਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਇਸੇ ਲਈ ਡਬਲਿਊਡਬਲਿਊਆਈਸੀਐਸ ਵੱਲੋਂ 10 ਅਕਤੂਬਰ ਨੂੰ ਅੰਮ੍ਰਿਤਸਰ ਦੇ ਹੋਟਲ ਬੈਸਟ ਵੈਸਟਰਨ ਮੇਰੀਅਨ ਵਿੱਚ ਸਵੇਰੇ 11 ਤੋਂ ਦੁਪਹਿਰ 1 ਵਜੇ, ਜਲੰਧਰ ਦੇ ਰਾਮਾਡਾ ਬਾਇਵਿੰਧਮ ਵਿੱਚ ਦੁਪਹਿਰ 3 ਤੋਂ ਸ਼ਾਮ 5 ਵਜੇ ਅਤੇ ਲੁਧਿਆਣਾ ਦੇ ਹੋਟਲ ਪਾਰਕ ਪਲਾਜ਼ਾ ਵਿੱਚ ਸ਼ਾਮ 5 ਤੋਂ ਰਾਤ 8 ਵਜੇ ਤੱਕ ਮੈਗਾ ਇਮੀਗ੍ਰੇਸ਼ਨ ਸੈਮੀਨਾਰ ਕਰਵਾਏ ਜਾਣਗੇ। ਚੰਡੀਗੜ੍ਹ ਵਿੱਚ 11 ਅਕਤੂਬਰ ਨੂੰ ਹੋਟਲ ਅਰੋਮਾ ਵਿੱਚ ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ ਸੈਮੀਨਾਰਾਂ ਮੌਕੇ ਵਿਦੇਸ਼ ਜਾਣ ਦੇ ਇੱਛੁਕ ਲੋਕਾਂ ਨੂੰ ਵੱਖ-ਵੱਖ ਦੇਸ਼ਾਂ ਵਿੱਚ ਉਪਲੱਬਧ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਦੱਸਣਯੋਗ ਹੈ ਕਿ ਡਬਲਿਊਡਬਲਿਊਆਈਸੀਐਸ ਦੀ ਸਥਾਪਨਾ 23 ਅਕਤੂਬਰ 1993 ਨੂੰ ਟੋਰਾਂਟੋ, ਕੈਨੇਡਾ ਵਿੱਚ ਹੋਈ ਸੀ ਅਤੇ ਸੰਸਥਾ ਪਿਛਲੇ ਤਿੰਨ ਦਹਾਕਿਆਂ ਦੌਰਾਨ ਕਰੀਬ ਪੰਜ ਲੱਖ ਤੋਂ ਵੱਧ ਪਰਿਵਾਰਾਂ ਨੂੰ ਕੈਨੇਡਾ, ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਵਿੱਚ ਮੌਕੇ ਤਲਾਸ਼ਣ ਵਿੱਚ ਸਹਾਇਤਾ ਕੀਤੀ ਗਈ ਹੈ।







