- ਅੰਮ੍ਰਿਤਪਾਲ ਸਿੰਘ ਨਾਲ ਜੁੜੇ ਮਾਮਲੇ ’ਚ 8 ਮੁਲਜ਼ਮਾਂ ਦੇ ਬਿਆਨ ਦਰਜ
ਚੰਡੀਗੜ੍ਹ, 8 ਅਕਤੂਬਰ (ਦੇਸ਼ ਕਲਿੱਕ ਬਿਊਰੋ): ਅੰਮ੍ਰਿਤਪਾਲ ਸਿੰਘ ਨਾਲ ਜੁੜੇ FIR ਨੰਬਰ 39 ਮਾਮਲੇ ਵਿੱਚ ਕਾਨੂੰਨੀ ਕਾਰਵਾਈ ਅੱਗੇ ਵਧ ਰਹੀ ਹੈ। ਸੁਣਵਾਈ ਦੌਰਾਨ ਅਦਾਲਤ ਨੇ 8 ਮੁਲਜ਼ਮਾਂ ਦੇ ਧਾਰਾ 313 ਤਹਿਤ ਬਿਆਨ ਦਰਜ ਕੀਤੇ। ਮੁਲਜ਼ਮਾਂ ਦੇ ਵਕੀਲ ਰਿਤੂ ਰਾਜ ਸਿੰਘ ਸੰਧੂ ਨੇ ਅਦਾਲਤ ਦੇ ਬਾਹਰ ਮੀਡੀਆ ਨੂੰ ਇਸ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ।
ਵਕੀਲ ਮੁਤਾਬਕ ਸੁਣਵਾਈ ਦੌਰਾਨ 4 ਮੁਲਜ਼ਮ ਸਰਬਜੀਤ ਸਿੰਘ ਕਲਸੀ, ਪੱਪਲਪ੍ਰੀਤ ਸਿੰਘ, ਵਰਿੰਦਰ ਫੌਜੀ ਅਤੇ ਮਨਪ੍ਰੀਤ ਸਿੰਘ ਖੁਦ ਅਦਾਲਤ ਵਿੱਚ ਹਾਜ਼ਰ ਹੋਏ। ਜਦਕਿ ਅਮਨਦੀਪ ਸਿੰਘ ਪੰਚਗਰਾਈਂ ਸਮੇਤ 4 ਹੋਰ ਮੁਲਜ਼ਮ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਸਾਹਮਣੇ ਪੇਸ਼ ਹੋਏ।
ਨਵੇਂ ਸਬੂਤਾਂ ਕਾਰਨ ਮੁੜ ਦਰਜ ਹੋਏ ਬਿਆਨ
ਵਕੀਲ ਰਿਤੂ ਰਾਜ ਸਿੰਘ ਸੰਧੂ ਨੇ ਦੱਸਿਆ ਕਿ ਸਰਕਾਰੀ ਵਕੀਲ ਵੱਲੋਂ ਪੇਸ਼ ਕੀਤੇ ਗਏ ਨਵੇਂ ਸਬੂਤਾਂ ਕਾਰਨ ਧਾਰਾ 313 ਤਹਿਤ ਮੁਲਜ਼ਮਾਂ ਦੇ ਬਿਆਨ ਮੁੜ ਦਰਜ ਕਰਨਾ ਕਾਨੂੰਨੀ ਤੌਰ ’ਤੇ ਜ਼ਰੂਰੀ ਹੋ ਗਿਆ ਸੀ। ਬਿਆਨ ਦਰਜ ਕਰਵਾਉਂਦੇ ਸਮੇਂ ਸਾਰੇ ਮੁਲਜ਼ਮਾਂ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਝੂਠਾ ਦੱਸਦਿਆਂ ਖੁਦ ਨੂੰ ਬੇਕਸੂਰ ਕਿਹਾ। ਬਚਾਅ ਪੱਖ ਨੇ ਦਾਅਵਾ ਕੀਤਾ ਕਿ ਘਟਨਾ ਸਥਾਨ ’ਤੇ ਮੁਲਜ਼ਮਾਂ ਦੀ ਮੌਜੂਦਗੀ ਜਾਂ ਕਿਸੇ ਨੂੰ ਉਕਸਾਉਣ ਸਬੰਧੀ ਕੋਈ ਠੋਸ ਸਬੂਤ ਮੌਜੂਦ ਨਹੀਂ ਹੈ।
12 ਅਕਤੂਬਰ ਨੂੰ ਅਗਲੀ ਸੁਣਵਾਈ
ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 12 ਅਕਤੂਬਰ ਦੀ ਤਾਰੀਖ ਤੈਅ ਕੀਤੀ ਹੈ। ਵਕੀਲ ਮੁਤਾਬਕ ਧਾਰਾ 313 ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੁਣ ਮੁਲਜ਼ਮਾਂ ਨੂੰ ਅਗਲੀ ਤਾਰੀਖ ’ਤੇ ਨਿੱਜੀ ਤੌਰ ’ਤੇ ਪੇਸ਼ ਹੋਣ ਦੀ ਲੋੜ ਨਹੀਂ ਹੋਵੇਗੀ। ਅਗਲੀ ਸੁਣਵਾਈ ਦੌਰਾਨ ਬਚਾਅ ਪੱਖ ਵੱਲੋਂ ਪੇਸ਼ ਕੀਤੇ ਜਾਣ ਵਾਲੇ ਸਬੂਤਾਂ ’ਤੇ ਵਿਚਾਰ ਅਤੇ ਬਹਿਸ ਹੋਵੇਗੀ।







