World Breaking: ਏਅਰਪੋਰਟ ’ਤੇ ਜ਼ੋਰਦਾਰ ਧਮਾਕਾ; ਯਾਤਰੀਆਂ ਨੂੰ ਇਮਾਰਤ ਤੋਂ ਬਾਹਰ ਕੱਢਿਆ

ਕੌਮਾਂਤਰੀ ਪੰਜਾਬ

 

World Breaking: ਏਅਰਪੋਰਟ ’ਤੇ ਜ਼ੋਰਦਾਰ ਧਮਾਕਾ; ਯਾਤਰੀਆਂ ਨੂੰ ਇਮਾਰਤ ਤੋਂ ਬਾਹਰ ਕੱਢਿਆ

ਰਿਆਧ 11 ਅਕਤੂਬਰ 2026

ਸਾਊਦੀ ਅਰਬ ਦੀ ਰਾਜਧਾਨੀ ਰਿਆਧ ਸਥਿਤ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸ਼ਨੀਵਾਰ ਨੂੰ ਅਚਾਨਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦੇਣ ਤੋਂ ਬਾਅਦ ਹੜਕੰਪ ਮਚ ਗਿਆ। ਧਮਾਕੇ ਮਗਰੋਂ ਇੱਕ ਦਰਜਨ ਤੋਂ ਵੱਧ ਐਂਬੂਲੈਂਸਾਂ ਨੂੰ ਤੇਜ਼ੀ ਨਾਲ ਹਵਾਈ ਅੱਡੇ ਵੱਲ ਜਾਂਦੇ ਦੇਖਿਆ ਗਿਆ। ਸੁਰੱਖਿਆ ਕਾਰਨਾਂ ਕਰਕੇ ਹਵਾਈ ਅੱਡੇ ਦੀ ਇਮਾਰਤ ਵਿੱਚ ਮੌਜੂਦ ਯਾਤਰੀਆਂ ਨੂੰ ਤੁਰੰਤ ਬਾਹਰ ਕੱਢ ਲਿਆ ਗਿਆ।

ਇਹ ਘਟਨਾ ਉਸ ਸਮੇਂ ਵਾਪਰੀ ਹੈ, ਜਦੋਂ ਯਮਨ ਵਿੱਚ ਸਰਗਰਮ ਈਰਾਨ-ਸਮਰਥਿਤ ਹੂਤੀ ਬਾਗ਼ੀਆਂ ਵੱਲੋਂ ਸਾਊਦੀ ਅਰਬ ਨੂੰ ਨਿਸ਼ਾਨਾ ਬਣਾਉਂਦਿਆਂ ਮਿਜ਼ਾਈਲ ਹਮਲਿਆਂ ਵਿੱਚ ਵਾਧਾ ਹੋਇਆ ਹੈ। ਰਿਆਧ ਹਵਾਈ ਅੱਡਾ ਇਸ ਹਫ਼ਤੇ ਪਹਿਲਾਂ ਹੀ ਦੋ ਵਾਰ ਹਮਲਿਆਂ ਦੀ ਲਪੇਟ ਵਿੱਚ ਆ ਚੁੱਕਾ ਹੈ।

ਇਨ੍ਹਾਂ ਹਮਲਿਆਂ ਦੌਰਾਨ ਹੁਣ ਤੱਕ ਚਾਰ ਵਿਅਕਤੀਆਂ ਦੀ ਮੌਤ ਹੋਣ ਅਤੇ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਇੱਕ ਹਵਾਈ ਜਹਾਜ਼ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।

ਸ਼ਨੀਵਾਰ ਨੂੰ ਹੋਏ ਧਮਾਕੇ ਦੇ ਕਾਰਨਾਂ ਅਤੇ ਸੰਭਾਵਿਤ ਨੁਕਸਾਨ ਸਬੰਧੀ ਸਾਊਦੀ ਅਰਬ ਦੇ ਅਧਿਕਾਰੀਆਂ ਵੱਲੋਂ ਅਧਿਕਾਰਤ ਤੌਰ ’ਤੇ ਵਿਸਥਾਰਤ ਜਾਣਕਾਰੀ ਜਾਰੀ ਕੀਤੀ ਜਾਣੀ ਬਾਕੀ ਹੈ। ਹਵਾਈ ਅੱਡੇ ਦੀ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ।