- ਪੰਜਾਬ ਦੀ ਪਛਾਣ ਬਚਾਉਣ ਲਈ ਹਿੰਦੂਆਂ ਤੇ ਸਿੱਖਾਂ ਨੂੰ ਇਕਜੁੱਟ ਹੋਣਾ ਪਵੇਗਾ: ਗਿਆਨੀ ਕੁਲਦੀਪ ਸਿੰਘ ਗੜਗੱਜ
- ਘਟਦੀ ਜਨਮ ਦਰ ’ਤੇ ਪ੍ਰਗਟਾਈ ਚਿੰਤਾ, ਕਿਹਾ- ਪੰਜਾਬ ਦੇ ਭਵਿੱਖ ਦੀ ਰਾਖੀ ਲਈ ਪੰਜਾਬੀਆਂ ਨੂੰ ਖ਼ੁਦ ਅੱਗੇ ਆਉਣਾ ਪਵੇਗਾ
ਮੋਹਾਲੀ, 11 ਅਕਤੂਬਰ (ਦੇਸ਼ ਕਲਿੱਕ ਬਿਊਰੋ): ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਮੋਹਾਲੀ ਦੇ ਫੇਜ਼-8 ਸਥਿਤ ਗੁਰਦੁਆਰਾ ਲੰਬੀਆਂ ਸਾਹਿਬ ਦੇ ਸਾਹਮਣੇ ਵਾਲੇ ਪਾਰਕ ਵਿੱਚ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਭਵਿੱਖ ਅਤੇ ਘਟਦੀ ਜਨਮ ਦਰ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਪਛਾਣ ਅਤੇ ਹੋਂਦ ਨੂੰ ਬਚਾਉਣ ਲਈ ਪੰਜਾਬ ਦੇ ਹਿੰਦੂਆਂ ਅਤੇ ਸਿੱਖਾਂ ਨੂੰ ਇਕਜੁੱਟ ਹੋ ਕੇ ਯਤਨ ਕਰਨੇ ਪੈਣਗੇ। ਪੰਜਾਬ ਦੇ ਭਵਿੱਖ ਦੀ ਰਾਖੀ ਲਈ ਪੰਜਾਬੀਆਂ ਨੂੰ ਖ਼ੁਦ ਅੱਗੇ ਆਉਣਾ ਪਵੇਗਾ।
ਗਿਆਨੀ ਗੜਗੱਜ ਨੇ ਪੰਜਾਬੀ ਪਰਿਵਾਰਾਂ ਵਿੱਚ ਇੱਕ ਹੀ ਬੱਚਾ ਹੋਣ ਦੇ ਵਧ ਰਹੇ ਰੁਝਾਨ ਨੂੰ ਵੀ ਚਿੰਤਾ ਦਾ ਵਿਸ਼ਾ ਦੱਸਿਆ। ਉਨ੍ਹਾਂ ਪੰਜਾਬ ਦੇ ਸਮਾਜਿਕ ਅਤੇ ਜਨਸੰਖਿਆ ਨਾਲ ਜੁੜੇ ਭਵਿੱਖ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੋਹਾਲੀ ਜ਼ਿਲ੍ਹਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ, “ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਸੇਵਾ, ਨਿਮਰਤਾ ਅਤੇ ਮਨੁੱਖਤਾ ਦੀ ਭਲਾਈ ਲਈ ਪ੍ਰੇਰਨਾ ਦਿੰਦਾ ਹੈ। ਗੁਰਮਤਿ ਸਮਾਗਮ ਦਾ ਉਦੇਸ਼ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਘਰ-ਘਰ ਤੱਕ ਪਹੁੰਚਾਉਣਾ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖ ਧਰਮ ਦੀਆਂ ਮਹਾਨ ਪਰੰਪਰਾਵਾਂ ਨਾਲ ਜੋੜਨਾ ਹੈ। ਸਾਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਸਮਾਜ ਵਿੱਚ ਆਪਸੀ ਭਾਈਚਾਰੇ, ਸਦਭਾਵਨਾ ਅਤੇ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।”
ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ, ਸਿੱਖਿਆਵਾਂ ਅਤੇ ਮਨੁੱਖਤਾ ਦੀ ਸੇਵਾ ਦੇ ਸੰਦੇਸ਼ ਨੂੰ ਯਾਦ ਕੀਤਾ। ਸਮਾਗਮ ਦੇ ਪ੍ਰਬੰਧਾਂ ਵਿੱਚ ਪਰਵਿੰਦਰ ਸਿੰਘ ਸੋਹਾਣਾ ਅਤੇ ਉਨ੍ਹਾਂ ਦੀ ਟੀਮ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਬੀਬੀ ਪਰਮਜੀਤ ਕੌਰ ਲਾਡਰਾ, ਮਨਜੀਤ ਸਿੰਘ ਮਾਨ, ਸਰਬਜੀਤ ਸਿੰਘ ਪਾਰਸ, ਪ੍ਰਦੀਪ ਸਿੰਘ ਭਾਰਜ, ਇਸ਼ਪ੍ਰੀਤ ਸਿੰਘ ਵਿੱਕੀ, ਅਮਰਜੀਤ ਸਿੰਘ ਪਾਹਵਾ, ਗੁਰਚਰਨ ਸਿੰਘ ਨੰਨੜਾ, ਕਰਮ ਸਿੰਘ ਬਬਟਾ, ਪਰਮਜੀਤ ਸਿੰਘ ਗਿੱਲ, ਪ੍ਰੀਤਮ ਸਿੰਘ, ਜੋਗਿੰਦਰ ਸਿੰਘ ਸੋਢੀ, ਗੁਰਦਰਸ਼ਨ, ਦੀਪ ਸਿੰਘ, ਬਿਕਰਮ ਸਿੰਘ ਹੁੰਜਣ, ਨਰਿੰਦਰ ਸਿੰਘ ਸੰਧੂ, ਪਰਮਜੀਤ ਸਿੰਘ ਖੁਰਲ, ਸੁਰਿੰਦਰ ਸਿੰਘ, ਜਤਿੰਦਰ ਕੌਰ ਲੰਬੀਆਂ ਅਤੇ ਬਾਬਾ ਸੁਰਿੰਦਰ ਸਿੰਘ ਧੰਨਾ ਭਗਤ ਸਮੇਤ ਹੋਰ ਪਤਵੰਤੇ ਮੌਜੂਦ ਸਨ।







