ਪੰਜਾਬ ਵਿਸ਼ੇਸ਼ ਗਹਿਰੀ ਸੁਧਾਈ 2026: ਕੱਲ੍ਹ ਨੂੰ ਜਾਰੀ ਕੀਤੀ ਜਾਵੇਗੀ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ

Top Trending News ਪੰਜਾਬ
  • ਪੰਜਾਬ ਵਿਸ਼ੇਸ਼ ਗਹਿਰੀ ਸੁਧਾਈ 2026: ਕੱਲ੍ਹ ਨੂੰ ਜਾਰੀ ਕੀਤੀ ਜਾਵੇਗੀ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ

ਚੰਡੀਗੜ੍ਹ, 11 ਅਕਤੂਬਰ 2026 (ਦੇਸ਼ ਕਲਿੱਕ ਬਿਊਰੋ): ਪੰਜਾਬ ਵਿੱਚ ਵਿਸ਼ੇਸ਼ ਗਹਿਰੀ ਸੁਧਾਈ (SIR)-2026 ਤਹਿਤ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ ਕੱਲ੍ਹ ਕੀਤੀ ਜਾਵੇਗੀ। ਇਸ ਸੂਚੀ ਦੇ ਜਾਰੀ ਹੋਣ ਨਾਲ ਵੋਟਰ ਸੂਚੀ ਦੀ ਸੁਧਾਈ ਦੀ ਪ੍ਰਕਿਰਿਆ ਦਾ ਅਹਿਮ ਪੜਾਅ ਪੂਰਾ ਹੋਵੇਗਾ।

ਦੱਸ ਦਈਏ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਰਵਾਈ ਗਈ ਵਿਸ਼ੇਸ਼ ਗਹਿਰੀ ਸੁਧਾਈ ਦੇ ਪਹਿਲੇ ਫੇਜ਼ ਦੌਰਾਨ ਵੋਟਰਾਂ ਪਾਸੋਂ ਵਾਪਸ ਪ੍ਰਾਪਤ ਹੋਏ ਗਨਣਾ ਫਾਰਮਾਂ ਦੇ ਅਧਾਰ ’ਤੇ ਤਿਆਰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਮਿਤੀ: 13-08-2026 ਨੂੰ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਵਿਸ਼ੇਸ਼ ਗਹਿਰੀ ਸੁਧਾਈ (ਐਸਆਈਆਰ) 2026 ਤਹਿਤ 13 ਅਗਸਤ 2026 ਨੂੰ ਪ੍ਰਕਾਸ਼ਿਤ ਹੋਏ ਡਰਾਫਟ ਵੋਟਰ ਖਰੜੇ ਸਬੰਧੀ ਇਤਰਾਜ਼ ਅਤੇ ਦਾਅਵੇ ਪੇਸ਼ ਕਰਨ ਲਈ ਆਖ਼ਰੀ ਮਿਤੀ 12 ਸਤੰਬਰ 2026 ਸੀ। ਇਸ ਤੋਂ ਬਾਅਦ ਈਆਰਓ ਵੱਲੋਂ ਇਤਰਾਜ਼ ਅਤੇ ਦਾਅਵਿਆਂ ਦਾ ਨਾਲੋ-ਨਾਲ ਨਿਪਟਾਰਾ ਕੀਤਾ ਗਿਆ ਹੈ ਅਤੇ ਨਿਪਟਾਰੇ ਦਾ ਇਹ ਕਾਰਜ 8 ਅਕਤੂਬਰ 2026 ਤੱਕ ਜਾਰੀ ਰਿਹਾ, ਜਿਸ ਤੋਂ ਬਾਅਦ ਹੁਣ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ ਕੱਲ੍ਹ 12 ਅਕਤੂਬਰ 2026 ਨੂੰ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਮੁੱਖ ਚੋਣ ਅਫ਼ਸਰ ਅਨਿੰਦਿਤਾ ਮਿਤਰਾ ਨੇ ਪੰਜਾਬ ਰਾਜ ਦੇ ਸਾਰੇ 18 ਸਾਲ ਦੇ ਨੌਜਵਾਨਾਂ ਅਤੇ ਮਿਤੀ 1 ਅਕਤੂਬਰ 2026 ਤੱਕ 18 ਸਾਲ ਦੇ ਹੋਣ ਜਾ ਰਹੇ ਨੌਜਵਾਨਾਂ ਅਪੀਲ ਕੀਤੀ ਸੀ ਕਿ ਉਹ ਫਾਰਮ ਨੰਬਰ 6ਏ ਭਰਕੇ ਬੀਐਲਓ ਕੋਲ ਜਮ੍ਹਾਂ ਕਰਵਾ ਸਕਦੇ ਸਨ। ਕੋਈ ਵੀ ਵਿਅਕਤੀ ਜਿਸਦਾ ਨਾਮ ਪਹਿਲਾਂ ਹੀ 13 ਅਗਸਤ 2026 ਨੂੰ ਪ੍ਰਕਾਸ਼ਿਤ ਡਰਾਫਟ ਰੋਲ ਵਿੱਚ ਮੌਜੂਦ ਹੈ, ਉਹ ਐਂਟਰੀਆਂ ਵਿੱਚ ਸੁਧਾਰ, ਪਤਾ ਬਦਲਾਉਣ ਜਾਂ ਹੋਰ ਵੇਰਵਿਆਂ ਨੂੰ ਅਪਡੇਟ ਕਰਨ ਲਈ ਫਾਰਮ 8 ਜਮ੍ਹਾਂ ਕਰਵਾ ਸਕਦਾ ਹੈ।

ਇਸ ਸਬੰਧੀ ਅਰਜ਼ੀਆਂ https://voters.eci.gov.in ’ਤੇ ਔਨਲਾਈਨ, ਮੋਬਾਈਲ ਐਪ ਰਾਹੀਂ,ਬੂਥ ਲੈਵਲ ਅਫਸਰਾਂ ਰਾਹੀਂ ਆਫ਼ਲਾਈਨ,ਈ.ਆਰ.ਓ./ਏ.ਈ.ਆਰ.ਓ. ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ।