ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਪ੍ਰੋਫੈਸਰ ਅਤੇ ਸੰਸਦ ਮੈਂਬਰ ਨੂੰ ਬਚਾ ਰਹੀ ਹੈ ਕਾਂਗਰਸ: ਜੈ ਇੰਦਰ ਕੌਰ

Top Trending News ਚੰਡੀਗੜ੍ਹ ਰਾਸ਼ਟਰੀ

 

ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਪ੍ਰੋਫੈਸਰ ਅਤੇ ਸੰਸਦ ਮੈਂਬਰ ਨੂੰ ਬਚਾ ਰਹੀ ਹੈ ਕਾਂਗਰਸ: ਜੈ ਇੰਦਰ ਕੌਰ

ਚੰਡੀਗੜ੍ਹ 12 ਅਕਤੂਬਰ 2026

ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਖ਼ੁਲਾਸਾ ਕਰਦਿਆਂ ਦੱਸਿਆ ਕਿ ਜੇ.ਐੱਨ.ਯੂ. ਦੀਆਂ 11 ਵਿਦਿਆਰਥਣਾਂ ਨੇ ਪ੍ਰੋਫੈਸਰ ਤੇ ਕਾਂਗਰਸ ਸੰਸਦ ਮੈਂਬਰ ਅੰਗੋਮਚਾ ਬਿਮੋਲ ਅਕੋਈਜਮ ਤੇ ਜਿਨਸੀ ਸ਼ੋਸ਼ਣ ਤੇ ਮਾਨਸਿਕ ਤਸੀਹੇ ਦੇ ਗੰਭੀਰ ਦੋਸ਼ ਲਗਾਏ ਸਨ। ਯੂਨੀਵਰਸਿਟੀ ਦੀ ਅੰਦਰੂਨੀ ਕਮੇਟੀ ਵੱਲੋਂ ਕੀਤੀ ਗਈ ਜਾਂਚ ’ਚ ਇਹ ਦੋਸ਼ ਸੱਚ ਪਾਏ ਗਏ। ਇਸ ਤੋਂ ਬਾਅਦ ਜੇ.ਐੱਨ.ਯੂ. ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕਰਦਿਆਂ 9 ਅਕਤੂਬਰ 2026 ਨੂੰ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਯੂਨੀਵਰਸਿਟੀ ਦੀ ਸੇਵਾ ਤੋਂ ਬਰਖਾਸਤ ਕਰ ਦਿੱਤਾ।

ਜੈ ਇੰਦਰ ਕੌਰ ਨੇ ਸਵਾਲ ਉਠਾਇਆ ਕਿ ਕਾਂਗਰਸ ਦੇ ਵੱਡੇ ਨੇਤਾ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਮਲਿਕਾਰਜੁਨ ਖੜਗੇ ਔਰਤਾਂ ਦੀ ਸੁਰੱਖਿਆ ਬਾਰੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ, ਪਰ ਆਪਣੀ ਹੀ ਪਾਰਟੀ ਦੇ ਸੰਸਦ ਮੈਂਬਰ ਵਿਰੁੱਧ ਲੱਗੇ ਇਨ੍ਹਾਂ ਗੰਭੀਰ ਦੋਸ਼ਾਂ ਤੇ ਪੂਰੀ ਤਰ੍ਹਾਂ ਚੁੱਪ ਕਿਉਂ ਹਨ? ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਇਕ ਜਿਨਸੀ ਸ਼ੋਸ਼ਣ ਕਰਨ ਵਾਲੇ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਸ ਮੌਕੇ ਪ੍ਰਦਰਸ਼ਨਕਾਰੀ ਮਹਿਲਾਵਾਂ ਨੇ ਕਾਂਗਰਸ ਲੀਡਰਸ਼ਿਪ ਪਾਸੋਂ ਮੰਗ ਕੀਤੀ ਕਿ ਰਾਹੁਲ ਗਾਂਧੀ ਦੋਸ਼ੀ ਸੰਸਦ ਮੈਂਬਰ ਨੂੰ ਤੁਰੰਤ ਕਾਂਗਰਸ ਪਾਰਟੀ ਤੋਂ ਬਾਹਰ ਕਰਨ ਅਤੇ ਉਨ੍ਹਾਂ ਦਾ ਲੋਕ ਸਭਾ ਤੋਂ ਅਸਤੀਫ਼ਾ ਦਿਵਾਉਣ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਲੀਡਰਸ਼ਿਪ ਪੀੜਤ 11 ਵਿਦਿਆਰਥਣਾਂ ਤੋਂ ਜਨਤਕ ਤੌਰ ਤੇ ਮਾਫ਼ੀ ਮੰਗੇ ਤੇ ਦੋਸ਼ੀ ਸੰਸਦ ਮੈਂਬਰ ਵਿਰੁੱਧ ਤੁਰੰਤ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।