IMD Alert: ਬੰਗਾਲ ਦੀ ਖਾੜੀ ’ਚ ਮੁੜ ਚੱਕਰਵਾਤ ਦਾ ਖ਼ਤਰਾ, 3 ਨਵੰਬਰ ਨੂੰ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ

Top Trending News ਰਾਸ਼ਟਰੀ

 

IMD Alert: ਬੰਗਾਲ ਦੀ ਖਾੜੀ ’ਚ ਮੁੜ ਚੱਕਰਵਾਤ ਦਾ ਖ਼ਤਰਾ, 3 ਨਵੰਬਰ ਨੂੰ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ

ਨਵੀਂ ਦਿੱਲੀ, 1 ਨਵੰਬਰ 2026: ਬੰਗਾਲ ਦੀ ਖਾੜੀ ਵਿੱਚ ਚੱਕਰਵਾਤ ‘ਅਰਨਬ’ ਤੋਂ ਕੁਝ ਦਿਨਾਂ ਬਾਅਦ ਇੱਕ ਹੋਰ ਚੱਕਰਵਾਤੀ ਤੂਫ਼ਾਨ ਆਉਣ ਦੀ ਸੰਭਾਵਨਾ ਬਣ ਗਈ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਸਮੁੰਦਰ ਵਿੱਚ ਬਣੇ ਘੱਟ ਦਬਾਅ ਵਾਲੇ ਖੇਤਰ ਦੇ ਹੋਰ ਮਜ਼ਬੂਤ ਹੋ ਕੇ ਚੱਕਰਵਾਤ ਵਿੱਚ ਬਦਲਣ ਦਾ ਖ਼ਦਸ਼ਾ ਜਤਾਇਆ ਹੈ। ਇਸ ਸੰਭਾਵੀ ਤੂਫ਼ਾਨ ਦਾ ਨਾਮ ‘ਮੁਰਾਸੂ’ ਰੱਖਿਆ ਜਾ ਸਕਦਾ ਹੈ, ਜੋ ਭਾਰਤ ਵੱਲੋਂ ਸੁਝਾਇਆ ਗਿਆ ਨਾਮ ਹੈ।

ਮੌਸਮ ਵਿਭਾਗ ਅਨੁਸਾਰ ਇਹ ਸਿਸਟਮ ਆਂਧਰਾ ਪ੍ਰਦੇਸ਼ ਦੇ ਤੱਟ ਵੱਲ ਵਧ ਸਕਦਾ ਹੈ ਅਤੇ 3 ਨਵੰਬਰ ਦੀ ਸਵੇਰ ਤੱਕ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ। ਜੇਕਰ ਇਹ ਚੱਕਰਵਾਤ ਵਿੱਚ ਤਬਦੀਲ ਹੁੰਦਾ ਹੈ ਤਾਂ ਇਹ ਇਸ ਸਾਲ ਬੰਗਾਲ ਦੀ ਖਾੜੀ ਵਿੱਚ ਆਉਣ ਵਾਲਾ ਦੂਜਾ ਚੱਕਰਵਾਤ ਹੋਵੇਗਾ।

IMD ਦੇ ਡਾਇਰੈਕਟਰ ਮ੍ਰਿਤੁੰਜਯ ਮਹਾਪਾਤਰਾ ਮੁਤਾਬਕ ਤੂਫ਼ਾਨ ਦੌਰਾਨ ਹਵਾਵਾਂ ਦੀ ਰਫ਼ਤਾਰ 80 ਤੋਂ 90 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ, ਜਦਕਿ ਤੇਜ਼ ਝੱਖੜਾਂ ਦੌਰਾਨ ਇਹ 100 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।

ਮੌਸਮ ਵਿਭਾਗ ਨੇ ਮਛੇਰਿਆਂ ਨੂੰ 4 ਨਵੰਬਰ ਦੁਪਹਿਰ ਤੱਕ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ। ਸਮੁੰਦਰ ਵਿੱਚ ਮੌਜੂਦ ਮਛੇਰਿਆਂ ਨੂੰ ਵੀ ਸੁਰੱਖਿਅਤ ਤੱਟ ’ਤੇ ਪਰਤਣ ਲਈ ਕਿਹਾ ਗਿਆ ਹੈ।