- ਮਨਿਸਟਰੀਅਲ ਕਾਮਿਆਂ ਦਾ ਸੰਘਰਸ਼ ਜਾਰੀ: 2 ਦਿਨਾਂ ਕਲਮਛੋੜ ਹੜਤਾਲ ਕਰਕੇ ਦਫ਼ਤਰੀ ਕੰਮ ਮੁਕੰਮਲ ਠੱਪ
ਸ਼੍ਰੀ ਮੁਕਤਸਰ ਸਾਹਿਬ, 5 ਨਵੰਬਰ (ਦੇਸ਼ ਕਲਿੱਕ ਬਿਊਰੋ) – ਪੰਜਾਬ ਰਾਜ ਮਨਿਸਟਰੀਅਲ ਸਰਵਿਸਜ਼ ਯੂਨੀਅਨ ਵੱਲੋਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ ਅਤੇ ਕੱਚੇ ਮੁਲਾਜ਼ਮ ਪੱਕੇ ਕਰਨ ਆਦਿ ਹੱਕੀ ਮੰਗਾਂ ਦੀ ਪੂਰਤੀ ਨਾ ਹੋਣ ਦੇ ਰੋਸ ਵਜੋਂ ਤਿੱਖਾ ਸੰਘਰਸ਼ ਵਿੱਢ ਦਿੱਤਾ ਗਿਆ ਹੈ। ਜਿਸਦੇ ਚਲਦਿਆਂ ਅੱਜ ਪੰਜਾਬ ਦੇ ਵੱਖ ਵੱਖ ਵਿਭਾਗਾਂ ਜਿਵੇਂ ਡਿਪਟੀ ਕਮਿਸ਼ਨਰ ਦਫ਼ਤਰ, ਉਪ ਮੰਡਲ ਮੈਜਿਸਟ੍ਰੇਟ, ਦਫ਼ਤਰ, ਤਹਿਸੀਲ, ਸਬ ਤਹਿਸੀਲ, ਖਜਾਨਾ ਦਫ਼ਤਰ, ਆਬਕਾਰੀ ਵਿਭਾਗ, ਜੰਗਲਾਤ ਵਿਭਾਗ, ਰੋਡਵੇਜ਼ ਵਿਭਾਗ, ਨਹਿਰੀ ਵਿਭਾਗ, ਸਿਹਤ ਵਿਭਾਗ, ਸਿੱਖਿਆ ਵਿਭਾਗ, ਸਮਾਜਿਕ ਸੁਰੱਖਿਆ ਆਦਿ ਵਿੱਚ ਕੰਮ ਕਰਦੇ ਸਮੂਹ ਮਨਿਸਟਰੀਅਲ ਅਤੇ ਕਲੈਰੀਕਲ ਕਾਮਿਆਂ ਵੱਲੋਂ 2 ਦਿਨਾਂ ਕਲਮਛੋੜ ਹੜਤਾਲ ਕੀਤੀ ਗਈ ਹੈ।
ਹੜਤਾਲ ਦੇ ਪਹਿਲੇ ਦਿਨ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਮਨਿਸਟਰੀਅਲ ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਖੁਸ਼ਕਰਨਜੀਤ ਸਿੰਘ, ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਅਤੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ 4 ਸਾਲ ਦੇ ਕਾਰਜਕਾਲ ਦੌਰਾਨ ਸਰਕਾਰੀ ਕਰਮਚਾਰੀਆਂ ਦੀ ਕਿਸੇ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ, ਬਲਕਿ ਵਾਰ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਜਾਂ ਤਾਂ ਮੀਟਿੰਗਾਂ ਤੋਂ ਮੁੱਕਰਿਆ ਜਾਂਦਾ ਹੈ ਜਾਂ ਮੀਟਿੰਗਾਂ ਵਿੱਚ ਬਣੀ ਸਹਿਮਤੀ ਨੂੰ ਜ਼ਮੀਨੀ ਪੱਧਰ ਤੇ ਲਾਗੂ ਹੀ ਨਹੀਂ ਕੀਤਾ ਜਾਂਦਾ ਪ੍ਰੰਤੂ ਹੁਣ ਪੰਜਾਬ ਦੇ ਲੱਖਾਂ ਮੁਲਾਜ਼ਮ ਸਰਕਾਰ ਦੇ ਇਸ ਮੁਲਾਜ਼ਮ ਮਾਰੂ ਰਵੱਈਏ ਤੋਂ ਭਲੀ ਭਾਂਤ ਜਾਣੁੰ ਹੋ ਚੁੱਕੇ ਹਨ ਜਿਸਦੀ ਲੜੀ ਵਿੱਚ 5 ਅਤੇ 6 ਨਵੰਬਰ ਨੂੰ ਕਲਮਛੋੜ ਹੜਤਾਲ ਦਾ ਪ੍ਰੋਗਰਾਮ ਉਲੀਕਿਆਂ ਗਿਆ ਹੈ।
ਆਗੂਆਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਧਰਨਿਆਂ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਸੀ ਅਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਜਾਇਜ਼ ਠਹਿਰਾਉਂਦਿਆਂ ਆਪਣੀ ਸਰਕਾਰ ਬਣਨ ਤੇ ਇਨ੍ਹਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਸੀ, ਇੱਥੋਂ ਤੱਕ ਕਿ ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਬਹਾਲੀ ਲਈ ਕੀਤੇ ਗਏ ਘੋਲ ਵਿੱਚ ਨਿੱਜੀ ਤੌਰ ਸ਼ਮੂਲੀਅਤ ਕਰਕੇ ਕਰਮਚਾਰੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਸੀ, ਪ੍ਰੰਤੂ ਬੜੇ ਅਫ਼ਸੋਸ ਦੀ ਗੱਲ ਹੈ ਕਿ ਸਰਕਾਰ ਬਣਨ ਉਪਰੰਤ ਅਤੇ ਵਿੱਤ ਮੰਤਰੀ ਬਣਨ ਉਪਰੰਤ ਇੱਕ ਵਾਰ ਵੀ ਵਿੱਤ ਮੰਤਰੀ ਵੱਲੋਂ ਮੁਲਾਜ਼ਮਾਂ ਦੇ ਹੱਕ ਦੀ ਗੱਲ ਨਹੀਂ ਕੀਤੀ ਗਈ ਬਲਕਿ ਹਰ ਵਾਰ ਮੁਲਾਜ਼ਮਾਂ ਨੂੰ ਮੰਗਾਂ ਨੂੰ ਪੂਰਾ ਨਾ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਬਹਾਨੇ ਬਣਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ 3 ਪ੍ਰਤੀਸ਼ਤ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਕਰਕੇ ਇਸ ਨੂੰ ਦੀਵਾਲੀ ਦੇ ਤੋਹਫ਼ੇ ਵਜੋਂ ਪ੍ਰਚਾਰ ਰਹੀ ਹੈ ਜਦਕਿ ਇਹ ਤਾਂ ਮੁਲਾਜ਼ਮਾਂ ਦਾ ਜਮਹੂਰੀ ਹੱਕ ਹੈ। ਇਸ ਹੜਤਾਲ ਦੇ ਅਸਰ ਵਜੋਂ ਅੱਜ ਜਿਲ੍ਹੇ ਦੇ ਵੱਖ-ਵੱਖ ਸਰਕਾਰੀ ਦਫ਼ਤਰਾਂ ਜਿਵੇਂ ਡੀ.ਸੀ. ਦਫ਼ਤਰ, ਐਸ.ਡੀ.ਐਮ. ਦਫ਼ਤਰ, ਤਹਿਸੀਲ, ਸਬ ਤਹਿਸੀਲ, ਖਜਾਨਾ ਦਫ਼ਤਰ, ਸਿੱਖਿਆ ਵਿਭਾਗ ਦਫ਼ਤਰ, ਸਿਵਲ ਸਰਜਨ ਦਫ਼ਤਰ, ਪੰਜਾਬ ਰੋਡਵੇਜ਼ ਦਫ਼ਤਰ, ਮੱਛੀ ਪਾਲਣ, ਪਸ਼ੂ ਪਾਲਣ, ਖੇਤੀਬਾੜੀ, ਬਾਗਬਾਨੀ ਆਦਿ ਵਿੱਚ ਚੁੱਪ ਪੱਸਰੀ ਰਹੀ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਮੁਲਾਜ਼ਮਾਂ ਦੀਆ ਹੱਕੀ ਮੰਗਾਂ ਨੂੰ ਜਲਦ ਪੂਰਾ ਨਹੀਂ ਕਰਦੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਕੁਮਾਰ ਪੀ.ਏ., ਗੁਰਮੀਤ ਪਾਲ ਰੀਡਰ, ਹਰਬੰਸ ਸਿੰਘ, ਭੁਪਿੰਦਰ ਸਿੰਘ, ਗਗਨਦੀਪ ਸਿੰਘ ਭਾਟੀਆ, ਰਾਜੇਸ਼ ਕਪੂਰ, ਸੁਖਮਿੰਦਰ ਸਿੰਘ, ਰੁਪਾਲੀ ਆਦਿ ਵੱਡੀ ਗਿਣਤੀ ਵਿੱਚ ਕਰਮਚਾਰੀ ਹਾਜ਼ਰ ਸਨ।




