ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਸੰਘਰਸ਼ ਤੇਜ਼, ਚੰਡੀਗੜ੍ਹ ਦੀ ਬਜਾਏ ਸੰਗਰੂਰ ’ਚ ਲੱਗੇਗਾ 7 ਦਿਨਾਂ ਦਾ ਪੱਕਾ ਮੋਰਚਾ
ਚੰਡੀਗੜ੍ਹ, 5 ਨਵੰਬਰ 2026: ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਅੱਜ ਚੰਡੀਗੜ੍ਹ ਵਿਖੇ ਕੀਤੀ ਪੱਤਰਕਾਰ ਮਿਲਣੀ ਦੌਰਾਨ ਆਉਣ ਵਾਲੇ ਦਿਨਾਂ ਦੇ ਸੰਘਰਸ਼ ਦੀ ਰੂਪ-ਰੇਖਾ ਜਾਰੀ ਕੀਤੀ ਗਈ।
ਕਮੇਟੀ ਦੇ ਆਗੂਆਂ ਨੇ ਐਲਾਨ ਕੀਤਾ ਕਿ 13 ਤੋਂ 19 ਨਵੰਬਰ ਤੱਕ ਚੰਡੀਗੜ੍ਹ ਵਿਖੇ ਲਗਾਇਆ ਜਾਣ ਵਾਲਾ ਪੱਕਾ ਮੋਰਚਾ ਹੁਣ ਸੰਗਰੂਰ ਵਿਖੇ ਲਗਾਇਆ ਜਾਵੇਗਾ। ਇਸ ਮੋਰਚੇ ਰਾਹੀਂ ਮੁਲਾਜ਼ਮ ਅਤੇ ਪੈਨਸ਼ਨਰ ਆਪਣੀਆਂ ਮੰਗਾਂ ਸਬੰਧੀ ਸਰਕਾਰ ਦਾ ਧਿਆਨ ਖਿੱਚਣਗੇ।
ਇਸ ਤੋਂ ਇਲਾਵਾ, ਇੱਕ ਦਸੰਬਰ ਤੋਂ 5 ਦਸੰਬਰ ਤੱਕ ਪੰਜਾਬ ਭਰ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਆਗੂਆਂ ਮੁਤਾਬਕ ਪੁਤਲਿਆਂ ਦੀ ਰਾਖ ਇਕੱਠੀ ਕਰਕੇ ਕੁੱਜਿਆਂ ਵਿੱਚ ਸੰਭਾਲੀ ਜਾਵੇਗੀ ਅਤੇ ਹਰ ਜ਼ਿਲ੍ਹੇ ਦੇ ਆਗੂ ਇਸ ਦੀ ਜ਼ਿੰਮੇਵਾਰੀ ਨਿਭਾਉਣਗੇ।
ਕਮੇਟੀ ਨੇ ਇਹ ਵੀ ਐਲਾਨ ਕੀਤਾ ਕਿ ਬਾਅਦ ਵਿੱਚ ਸਾਰੇ ਜ਼ਿਲ੍ਹਿਆਂ ਤੋਂ ਇਕੱਠੀ ਕੀਤੀ ਗਈ ਰਾਖ ਲੁਧਿਆਣਾ ਦੇ ਗੰਦੇ ਨਾਲੇ ਵਿੱਚ ਸੁੱਟੀ ਜਾਵੇਗੀ। ਇਸ ਐਲਾਨ ਨਾਲ ਮੁਲਾਜ਼ਮ ਜਥੇਬੰਦੀਆਂ ਦੇ ਆਉਣ ਵਾਲੇ ਸੰਘਰਸ਼ ਨੂੰ ਲੈ ਕੇ ਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਚਰਚਾ ਸ਼ੁਰੂ ਹੋ ਗਈ ਹੈ।




